ਅਮਰੀਕਾ, ਆਸਟ੍ਰੇਲੀਆ ਨੇ ਭਾਰਤ, ਜਾਪਾਨ ਨਾਲ ''ਕਵਾਡ ਗਰੁੱਪ'' ''ਚ ਵਿਚਾਰ-ਵਟਾਂਦਰੇ ਦੀ ਜਤਾਈ ਵਚਨਬੱਧਤਾ

Saturday, Aug 01, 2020 - 12:02 AM (IST)

ਅਮਰੀਕਾ, ਆਸਟ੍ਰੇਲੀਆ ਨੇ ਭਾਰਤ, ਜਾਪਾਨ ਨਾਲ ''ਕਵਾਡ ਗਰੁੱਪ'' ''ਚ ਵਿਚਾਰ-ਵਟਾਂਦਰੇ ਦੀ ਜਤਾਈ ਵਚਨਬੱਧਤਾ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਅਤੇ ਆਸਟ੍ਰੇਲਈਆ ਨੇ ਭਾਰਤ ਅਤੇ ਜਾਪਾਨ ਦੇ ਨਾਲ 'ਕਵਾਡ ਗਰੁੱਪ' ਵਿਚ ਵਿਚਾਰ-ਵਟਾਂਦਰਾ ਕਰਨ ਨੂੰ ਲੈ ਕੇ ਵਚਨਬੱਧਤਾ ਪ੍ਰਗਟ ਕੀਤੀ ਹੈ ਅਤੇ ਜ਼ੋਰ ਦਿੱਤਾ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਉਹ ਹੋਰ ਭਾਈਵਾਲਾਂ ਦੇ ਨਾਲ ਵੀ ਕੰਮ ਕਰ ਰਹੇ ਹਨ। ਦੋਹਾਂ ਦੇਸ਼ਾਂ ਦੇ ਚੋਟੀ ਦੇ ਮੰਤਰੀਆਂ ਨੇ ਮੰਗਲਵਾਰ ਨੂੰ ਫਿਰ ਤੋਂ ਦੁਹਰਾਇਆ ਕਿ ਗਠਜੋੜ ਦਾ ਧਿਆਨ ਹਿੰਦ-ਪ੍ਰਸ਼ਾਂਤ ਖੇਤਰ 'ਤੇ ਹੈ ਅਤੇ ਅਮਰੀਕਾ ਤੇ ਆਸਟ੍ਰੇਲੀਆ, ਆਸੀਆਨ, ਭਾਰਤ, ਜਾਪਾਨ, ਦੱਖਣੀ ਕੋਰੀਆ ਅਤੇ ਹੋਰ ਦੇਸ਼ਾਂ ਦੇ ਨਾਲ ਖੇਤਰ ਦੀ ਸੁਰੱਖਿਆ, ਖੁਸ਼ਹਾਲੀ ਲਈ ਕੰਮ ਕਰ ਰਹੇ ਹਨ। ਇਸ ਵਿਚ 'ਫਾਈਵ ਆਈਜ਼' ਸਮੂਹ ਦੇ ਦੇਸ਼ਾਂ ਦੀ ਵੀ ਮਦਦ ਮਿਲ ਰਹੀ ਹੈ।

ਫਾਈਵ ਆਈਜ਼ ਸਮੂਹ ਵਿਚ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਬ੍ਰਿਟੇਨ ਅਤੇ ਅਮਰੀਕਾ ਸ਼ਾਮਲ ਹਨ। ਕਵਾਡ ਦਰਅਸਲ ਚਾਰ ਦੇਸ਼ਾਂ- ਭਾਰਤ, ਜਾਪਾਨ, ਆਸਟ੍ਰੇਲੀਆ ਅਤੇ ਅਮਰੀਕਾ ਦਾ ਇਕ ਸਮੂਹ ਹੈ। ਹਿੰਦ-ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ, ਕਾਨੂੰਨ ਦਾ ਪਾਲਨ ਯਕੀਨੀ ਕਰਨ ਅਤੇ ਖੇਤਰ ਵਿਚ ਚੀਨ ਦੇ ਵੱਧਦੇ ਫੌਜੀ ਪ੍ਰਭਾਵ ਨੂੰ ਰੋਕਣ ਲਈ ਇਨ੍ਹਾਂ ਦੇਸ਼ਾਂ ਨੇ ਹੱਥ ਮਿਲਾਇਆ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ, ਮੈਂ ਆਸਵੰਦ ਹਾਂ ਕਿ ਯੂਰਪ ਅਤੇ ਭਾਰਤ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ ਸਮੇਤ ਦੁਨੀਆ ਭਰ ਦੇ ਲੋਕਤੰਤਰੀ ਦੋਸਤ ਅੱਜ ਇਸ ਨਾਲ ਜੁੜੇ ਹਨ। ਇਹ ਸਾਰੇ ਦੇਸ਼ ਅੱਜ ਦੇ ਸਮੇਂ ਦੀ ਚੁਣੌਤੀ ਨੂੰ ਸਮਝ ਰਹੇ ਹਨ ਅਤੇ ਜੋ ਦੇਸ਼ ਆਜ਼ਾਦੀ ਦੀਆਂ ਕੀਮਤਾਂ, ਆਰਥਿਕ ਖੁਸ਼ਹਾਲੀ, ਕਾਨੂੰਨ ਦੀ ਪਾਲਣਾ ਕਰਨ ਵਿਚ ਵਿਸ਼ਵਾਸ ਰੱਖਦੇ ਹਨ ਉਹ ਸਾਡੇ ਨਾਲ ਜੁੜਣਗੇ।

ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ, ਆਸਟ੍ਰੇਲੀਆਈ ਵਿਦੇਸ਼ ਮੰਤਰੀ ਮੇਰਿਸ ਪਿਆਨੇ, ਆਸਟ੍ਰੇਲੀਆਈ ਰੱਖਿਆ ਮੰਤਰੀ ਲਿੰਡਾ ਰੇਨਾਲਡਸ ਵੀ ਪੋਂਪੀਓ ਦੇ ਨਾਲ ਮੌਜੂਦ ਸਨ। ਨੇਤਾਵਾਂ ਨੇ ਕੋਵਿਡ-19 ਦੇ ਅਸਰ ਨੂੰ ਘੱਟ ਕਰਨ ਲਈ ਹਿੰਦ-ਪ੍ਰਸ਼ਾਂਤ ਖੇਤਰ ਦੇ ਸਹਿਯੋਗੀ ਦੇਸ਼ਾਂ ਦੇ ਨਾਲ ਕੰਮ ਕਰਨ ਦੀ ਵਚਨਬੱਧਤਾ ਜਤਾਈ। ਆਸਟ੍ਰੇਲੀਆ-ਅਮਰੀਕਾ ਦੇ ਮੰਤਰੀਆਂ ਵਿਚਾਲੇ ਵਿਚਾਰ-ਵਟਾਂਦਰੇ ਤੋਂ ਬਾਅਦ ਇਕ ਸਾਂਝਾ ਬਿਆਨ ਜਾਰੀ ਕੀਤਾ ਗਿਆ। ਦੋਹਾਂ ਦੇਸ਼ਾਂ ਨੇ ਦੱਖਣੀ ਚੀਨ ਸਾਗਰ ਵਿਚ ਚੀਨ ਦੇ ਵਧਾ ਚੜ੍ਹਾ ਕੇ ਕੀਤੇ ਜਾਣ ਵਾਲੇ ਦਾਅਵਿਆਂ ਨਾਲ ਨਜਿੱਠਣ ਲਈ ਵਿਚਾਰ-ਵਟਾਂਦਰਾ ਕੀਤਾ। ਪੋਂਪੀਓ ਨੇ ਕੋਰੋਨਾ ਵਾਇਰਸ ਦੀ ਸ਼ੁਰੂਆਤ ਕਿਥੋਂ ਹੋਈ ਇਸ ਸਬੰਧ ਵਿਚ ਸੁਤੰਤਰ ਸਮੀਖਿਆ ਕਰਵਾਉਣ ਅਤੇ ਚੀਨ ਦੇ ਕੂੜਪ੍ਰਚਾਰ ਮੁਹਿੰਮ ਦੀ ਖੁੱਲ੍ਹ ਕੇ ਨਿਖੇਧੀ ਕਰਨ ਲਈ ਆਸਟ੍ਰੇਲੀਆ ਦੀ ਸ਼ਲਾਘਾ ਕੀਤੀ।
 


author

Sunny Mehra

Content Editor

Related News