ਅਮਰੀਕੀ ਸੰਸਦ ਮੈਂਬਰਾਂ ਤੋਂ ਗ੍ਰੀਨ ਕਾਰਡ ''ਤੇ 7 ਫ਼ੀਸਦੀ ਦੀ ਸੀਮਾ ਹਟਾਉਣ ਦੀ ਅਪੀਲ
Thursday, Apr 27, 2023 - 03:36 PM (IST)
ਵਾਸ਼ਿੰਗਟਨ (ਭਾਸ਼ਾ)- ਸਿਲੀਕਾਨ ਵੈਲੀ ਦੇ ਭਾਰਤੀ-ਅਮਰੀਕੀ ਭਾਈਚਾਰੇ ਦੇ ਪ੍ਰਮੁੱਖ ਨੇਤਾ ਅਤੇ ਉਦਯੋਗਪਤੀ ਅਜੈ ਜੈਨ ਭੂਟੋਰੀਆ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਗ੍ਰੀਨ ਕਾਰਡ ਲਈ ਦੇਸ਼ਾਂ ਦੇ ਆਧਾਰ 'ਤੇ ਮੌਜੂਦ 7 ਫ਼ੀਸਦੀ ਕੈਪ ਨੂੰ ਹਟਾਉਣ ਦੀ ਅਪੀਲ ਕੀਤੀ ਹੈ। ਗ੍ਰੀਨ ਕਾਰਡ ਜਾਂ ਸਥਾਈ ਨਿਵਾਸ ਦਰਜਾ ਅਮਰੀਕਾ ਵਿੱਚ ਪ੍ਰਵਾਸੀਆਂ ਨੂੰ ਜਾਰੀ ਕੀਤਾ ਜਾਂਦਾ ਹੈ, ਜਿਸ ਵਿਅਕਤੀ ਕੋਲ ਗ੍ਰੀਨ ਕਾਰਡ ਹੁੰਦਾ ਹੈ, ਉਹ ਦੇਸ਼ ਵਿੱਚ ਪੱਕੇ ਤੌਰ 'ਤੇ ਰਹਿ ਸਕਦਾ ਹੈ। ਬੁੱਧਵਾਰ ਨੂੰ ਰਾਜਧਾਨੀ 'ਚ ਆਯੋਜਿਤ 'ਅਮਰੀਕਾ-ਭਾਰਤ ਸਿਖ਼ਰ ਸੰਮੇਲਨ' 'ਚ ਬੋਲਦੇ ਹੋਏ ਭੂਟੋਰੀਆ ਨੇ ਕਿਹਾ ਕਿ ਜੇਕਰ ਐੱਚ-1 ਵੀਜ਼ਾ 'ਤੇ ਕੋਈ ਕੈਪ ਨਹੀਂ ਹੈ ਤਾਂ ਇਹ ਗ੍ਰੀਨ ਕਾਰਡ ਲਈ ਕਿਉਂ ਹੈ।
ਭੂਟੋਰੀਆ ਨੇ ਇੱਥੇ ਆਯੋਜਿਤ ਸਿਖ਼ਰ ਸੰਮੇਲਨ 'ਚ ਕਿਹਾ, ''ਜਦੋਂ ਸਾਡੇ ਕੋਲ ਆਪਣੀਆਂ ਕੰਪਨੀਆਂ, ਕਾਰੋਬਾਰ ਅਤੇ ਅਰਥਵਿਵਸਥਾ ਦਾ ਸਮਰਥਨ ਕਰਨ ਲਈ ਐੱਚ-1 ਵੀਜ਼ਾ ਦੇਣ ਦੀ ਦੇਸ਼ ਦੀ ਸੀਮਾ ਨਹੀਂ ਹੈ ਤਾਂ ਗ੍ਰੀਨ ਕਾਰਡ ਦੀ ਸੀਮਾ ਕਿਉਂ ਜ਼ਰੂਰੀ ਹੈ।' ਗ੍ਰੀਨ ਕਾਰਡ ਨੂੰ ਲੈ ਕੇ ਦੇਸ਼ਾਂ ਦੇ ਹਿਸਾਬ ਨਾਲ ਗਿਣਤੀ ਦੀ ਸੀਮਾ ਹੈ। ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਹਰ ਸਾਲ ਲਗਭਗ 140,000 ਰੁਜ਼ਗਾਰ ਅਧਾਰਤ ਗ੍ਰੀਨ ਕਾਰਡ ਜਾਰੀ ਕੀਤੇ ਜਾ ਸਕਦੇ ਹਨ। ਹਾਲਾਂਕਿ ਇਨ੍ਹਾਂ ਵਿਚੋਂ ਸਿਰਫ਼ 7 ਫ਼ੀਸਦੀ ਗ੍ਰੀਨ ਕਾਰਡ ਹੀ ਕਿਸੇ ਇੱਕ ਦੇਸ਼ ਦੇ ਲੋਕਾਂ ਨੂੰ ਮਿਲ ਸਕਦੇ ਹਨ।