ਅਮਰੀਕਾ 'ਚ ਆਏ ਭਿਆਨਕ ਤੂਫਾਨ ਨੇ ਲਈ 22 ਲੋਕਾਂ ਦੀ ਜਾਨ
Monday, Mar 04, 2019 - 11:06 AM (IST)

ਵਾਸ਼ਿੰਗਟਨ, (ਭਾਸ਼ਾ)— ਅਮਰੀਕਾ ਦੇ ਦੱਖਣੀ ਸੂਬੇ ਅਲਬਾਮਾ ਅਤੇ ਜਾਰਜੀਆ 'ਚ ਆਏ ਜ਼ਬਰਦਸਤ ਤੂਫਾਨ ਕਾਰਨ ਘੱਟ ਤੋਂ ਘੱਟ 22 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮੌਸਮ ਸਬੰਧੀ ਇਕ ਰਿਪੋਰਟ ਮੁਤਾਬਕ ਅਮਰੀਕਾ ਦੇ ਦੱਖਣੀ-ਪੂਰਬੀ ਸੂਬੇ ਲੀ ਕਾਊਂਟੀ ਅਤੇ ਅਲਬਾਮਾ 'ਚ ਐਤਵਾਰ ਨੂੰ ਤੇਜ਼ ਤੂਫਾਨ ਆਇਆ। ਬਰਮਿੰਘਮ 'ਚ ਅਮਰੀਕਾ ਦੇ ਰਾਸ਼ਟਰੀ ਸੇਵਾ ਵਿਭਾਗ (ਐੱਨ. ਡਬਲਿਊ. ਐੱਸ. ) ਨੇ ਐਤਵਾਰ ਨੂੰ ਲਗਭਗ 2 ਵਜੇ ਤੇਜ਼ ਤੂਫਾਨ ਦੀ ਚਿਤਾਵਨੀ ਦਿੱਤੀ ਸੀ।
ਸਥਾਨਕ ਮੀਡੀਆ ਨੇ ਕਿਹਾ ਕਿ ਇਹ ਅਲਬਾਮਾ ਅਤੇ ਜਾਰਜੀਆ 'ਚ ਐਤਵਾਰ ਦੁਪਹਿਰ ਨੂੰ ਆਏ ਤੂਫਾਨਾਂ 'ਚੋਂ ਇਕ ਸੀ। ਪੂਰੇ ਇਲਾਕੇ 'ਚ ਘਰਾਂ, ਇਮਾਰਤਾਂ ਅਤੇ ਦਰੱਖਤਾਂ ਨੂੰ ਨੁਕਸਾਨ ਪੁੱਜਾ ਹੈ। ਤੂਫਾਨ ਕਾਰਨ ਇੱਥੇ ਇਕ ਸੈਲ ਫੋਨ ਟਾਵਰ ਡਿੱਗ ਗਿਆ। ਭਿਆਨਕ ਤੂਫਾਨ ਪ੍ਰਭਾਵਿਤ ਇਲਾਕਿਆਂ 'ਚ ਸੋਮਵਾਰ ਨੂੰ ਵੀ ਮੌਸਮ ਖਰਾਬ ਰਹਿਣ ਦਾ ਖਦਸ਼ਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤਕ 22 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇੱਥੇ ਬਹੁਤ ਸਾਰੇ ਲੋਕ ਲਾਪਤਾ ਹਨ, ਜਿਨ੍ਹਾਂ ਨੂੰ ਲੱਭਣ ਲਈ ਮੁਹਿੰਮ ਜਾਰੀ ਹੈ। ਥਾਂ-ਥਾਂ 'ਤੇ ਦਰੱਖਤ ਆਦਿ ਡਿੱਗੇ ਹੋਣ ਕਾਰਨ ਸੜਕਾਂ ਬੰਦ ਹੋ ਗਈਆਂ ਹਨ। 5000 ਤੋਂ ਵਧੇਰੇ ਲੋਕ ਬਿਨਾਂ ਬਿਜਲੀ ਦੇ ਰਹਿਣ ਲਈ ਮਜ਼ਬੂਰ ਹੋ ਗਏ ਹਨ। ਇਕ ਨਿਊਜ਼ ਚੈਨਲ ਨੇ ਕਿਹਾ ਕਿ ਲੀ ਕਾਊਂਟੀ 'ਚ ਲਗਾਤਾਰ ਦੋ ਤੂਫਾਨ ਆਏ ਜਦ ਕਿ ਅਜੇ ਤਕ ਇਕ ਹੀ ਤੂਫਾਨ ਆਉਣ ਦੀ ਪੁਸ਼ਟੀ ਕੀਤੀ ਗਈ ਹੈ।