ਭਾਰਤੀ ਮੂਲ ਦਾ ਕੈਨੇਡੀਅਨ ਪਰਬਤਾਰੋਹੀ ਅਮਰੀਕੀ ਚੋਟੀ ਤੋਂ ਡਿੱਗਿਆ, ਵਾਲ-ਵਾਲ ਬਚਿਆ
Friday, Jan 03, 2020 - 11:17 AM (IST)

ਵਾਸ਼ਿੰਗਟਨ (ਬਿਊਰੋ): ਕੈਨੇਡਾ ਵਿਚ ਰਹਿਣ ਵਾਲਾ ਭਾਰਤੀ ਮੂਲ ਦਾ 16 ਸਾਲਾ ਇਕ ਪਰਬਤਾਰੋਹੀ ਅਮਰੀਕਾ ਦੇ ਤੱਟੀ ਰਾਜ ਓਰੇਗਨ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਹੁਡ ਤੋਂ 500 ਫੁੱਟ ਹੇਠਾਂ ਡਿੱਗਣ ਦੇ ਬਾਅਦ ਵੀ ਚਮਤਕਾਰੀ ਤਰੀਕੇ ਨਾਲ ਬਚ ਗਿਆ। ਸਥਾਨਕ ਮੀਡੀਆ ਮੁਤਾਬਕ ਕੈਨੇਡਾ ਦਾ ਸਰੀ ਨਿਵਾਸੀ ਗੁਰਬਾਜ਼ ਸਿੰਘ ਮੰਗਲਵਾਰ ਨੂੰ ਆਪਣੇ ਦੋਸਤਾਂ ਦੇ ਨਾਲ ਹਾਈਕਿੰਗ ਕਰ ਰਿਹਾ ਸੀ। ਇਹ ਉਸ ਦੀ 90ਵੀਂ ਹਾਈਕਿੰਗ ਦੀ ਕੋਸ਼ਿਸ਼ ਸੀ। ਇਸੇ ਦੌਰਾਨ ਬਰਫ 'ਤੇ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਪਰਬਤ ਦੇ 'ਦੀ ਪੀਯਰਲੀ ਗੇਟਸ' ਨਾਮ ਦੇ ਹਿੱਸੇ ਤੋਂ 'ਡੇਵੀਲਸ ਕਿਚਨ' ਖੇਤਰ ਵਿਚ ਡਿੱਗ ਪਿਆ।
ਗੁਰਬਾਜ਼ ਸਿੰਘ ਇਸ ਖਤਰਨਾਕ ਹਾਦਸੇ ਵਿਚ ਵਾਲ-ਵਾਲ ਬਚ ਗਿਆ ਪਰ ਉਸ ਦੀ ਇਕ ਲੱਤ ਟੁੱਟ ਗਈ। ਬਚਾਅ ਅਤੇ ਤਲਾਸ਼ ਕਰਮੀਆਂ ਦੇ ਇਕ ਦਲ ਨੇ ਲੱਗਭਗ 10,500 ਫੁੱਟ ਦੀ ਉਚਾਈ 'ਤੇ ਫਸੇ ਗੁਰਬਾਜ਼ ਨੂੰ ਬਚਾਇਆ। ਇਸ ਮੁਹਿੰਮ ਵਿਚ ਕਾਫੀ ਸਮਾਂ ਲੱਗਾ। ਗੌਰਤਲਬ ਹੈ ਕਿ ਮਾਊਂਟ ਹੁਡ ਅਮਰੀਕਾ ਦੇ ਓਰੇਗਨ ਸੂਬੇ ਦੀ ਸਭ ਤੋਂ ਉੱਚੀ ਪਰਬਤ ਲੜੀ ਹੈ।ਅਮਰੀਕੀ ਜੰਗਲੀ ਸੇਵਾ ਵਿਭਾਗ ਦੇ ਮੁਤਾਬਕ ਇਹ ਦੇਸ਼ ਦੀ ਬਰਫ ਨਾਲ ਢਕੀ ਅਜਿਹੀ ਪਰਬਤ ਲੜੀ ਹੈ ਜਿੱਥੇ ਸਭ ਤੋਂ ਜ਼ਿਆਦਾ ਲੋਕ ਹਾਈਕਿੰਗ ਕਰਨ ਪਹੁੰਚਦੇ ਹਨ।
ਗੁਰਬਾਜ਼ ਦੇ ਪਿਤਾ ਰਿਸ਼ਮਦੀਪ ਸਿੰਘ ਨੇ ਕਿਹਾ,''ਗੁਰਬਾਜ਼ ਨੇ ਸੋਚਿਆ ਕਿ ਡਿੱਗਣ ਮਗਰੋਂ ਕਿਤੇ ਤਾਂ ਰੁਕੇਗਾ ਪਰ ਉਹ ਇੰਨੀ ਤੇਜ਼ੀ ਨਾਲ ਡਿੱਗਿਆ ਕਿ ਖੁਦ ਨੂੰ ਰੋਕ ਨਹੀਂ ਪਾਇਆ।'' ਉੱਧਰ ਗੁਰਬਾਜ਼ ਨੇ ਕਿਹਾ,''ਜਦੋਂ ਮੈਂ ਘਟਨਾ ਦੇ ਬਾਅਦ ਆਪਣਾ ਹੈਲਮੇਟ ਦੇਖਿਆ ਤਾਂ ਉਹ ਪੂਰੀ ਤਰ੍ਹਾਂ ਬੇਕਾਰ ਹੋ ਚੁੱਕਾ ਸੀ। ਇਸ ਪੱਖੋਂ ਮੈਂ ਬਹੁਤ ਖੁਸ਼ਕਿਮਸਤ ਹਾਂ।'' ਉਸਨੇ ਕਿਹਾ ਕਿ ਉਸ ਦੀ ਟਰੇਨਿੰਗ ਅਤੇ ਹੈਲਮੇਟ ਕਾਰਨ ਉਸ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਪੋਰਟਲੈਂਡ ਸਥਿਤ ਇਕ ਹਸਪਤਾਲ ਵਿਚ ਉਸ ਦਾ ਆਪਰੇਸ਼ਨ ਕੀਤਾ ਗਿਆ।