ਭਾਰਤੀ ਮੂਲ ਦੇ ਵੋਟਰਾਂ ਨੂੰ ਲੁਭਾਉਣ ਲਈ ਟਰੰਪ ਕੱਲ੍ਹ ਜਾਰੀ ਕਰਨਗੇ ਇਸ਼ਤਿਹਾਰ
Tuesday, Mar 10, 2020 - 04:17 PM (IST)
ਵਾਸ਼ਿੰਗਟਨ (ਬਿਊਰੋ) ਅਮਰੀਕੀ ਰਾਸਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਨਵੰਬਰ ਮਹੀਨੇ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਭਾਰਤੀ ਮੂਲ ਦੇ ਅਮਰੀਕੀ ਵੋਟਰਾਂ ਨੂੰ ਆਪਣੇ ਪੱਖ ਵਿਚ ਲਿਆਉਣ ਲਈ ਪੂਰੀ ਤਾਕਤ ਲਗਾ ਦਿੱਤੀ ਹੈ। ਭਾਰਤ ਦੌਰੇ ਤੋਂ ਪਰਤਣ ਦੇ ਤੁਰੰਤ ਬਾਅਦ ਟਰੰਪ ਨੇ ਉਹਨਾਂ ਨੂੰ ਆਕਰਸ਼ਿਤ ਕਰਨ ਲਈ ਤਿੰਨ ਡਿਜੀਟਲ ਇਸ਼ਤਿਹਾਰ ਲਾਂਚ ਕਰਨ ਦੀ ਯੋਜਨਾ ਬਣਾਈ। ਇਹ ਇਸ਼ਤਿਹਾਰ ਕੱਲ੍ਹ ਮਤਲਬ ਬੁੱਧਵਾਰ ਨੂੰ ਫੇਸਬੁੱਕ, ਯੂ-ਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਾਂਚ ਕੀਤੇ ਜਾਣਗੇ।
ਅਮਰੀਕਾ ਵਿਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਰੀਪਬਲਕਿਨ ਰਾਸ਼ਟਰਪਤੀ ਦੀ ਚੋਣ ਮੁਹਿੰਮ ਵਿਚ ਭਾਰਤੀ ਮੂਲ ਦੇ ਵੋਟਰਾਂ ਲਈ ਇਕ ਐਡ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਚੋਣਾਂ ਵਿਚ 14 ਲੱਖ ਭਾਰਤੀ ਮੂਲ ਦੇ ਅਮਰੀਕੀ ਨਿਰਣਾਇਕ ਹੋ ਸਕਦੇ ਹਨ। ਸਭ ਤੋਂ ਵੱਡੀ ਅਤੇ ਦਿਲਚਸਪ ਗੱਲ ਇਹ ਹੈ ਕਿ 2016 ਵਿਚ ਹੋਈਆਂ ਚੋਣਾਂ ਵਿਚ 84 ਫੀਸਦੀ ਭਾਰਤੀ ਅਮਰੀਕੀਆਂ ਨੇ ਟਰੰਪ ਵਿਰੁੱਧ ਵੋਟ ਦਿੱਤੀ ਸੀ।
ਪੜ੍ਹੋ ਇਹ ਅਹਿਮ ਖਬਰ- US 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ 'ਚ ਪੰਜਾਬ ਦੇ 15 ਨੌਜਵਾਨ ਲਾਪਤਾ
ਰਾਸ਼ਟਰਪਤੀ ਬਣਨ ਦੇ ਬਾਅਦ ਤੋਂ ਟਰੰਪ ਲਗਾਤਾਰ ਭਾਰਤੀ ਮੂਲ ਦੇ ਲੋਕਾਂ ਵਿਚ ਆਪਣੀ ਪਛਾਣ ਬਣਾ ਰਹੇ ਹਨ। ਉਹ ਪ੍ਰਸ਼ਾਸਨ ਵਿਚ ਭਾਰਤੀ ਮੂਲ ਦੇ 22 ਲੋਕਾਂ ਨੂੰ ਸ਼ਾਮਲ ਕਰ ਚੁੱਕੇ ਹਨ। ਇਹ ਕਿਸੇ ਵੀ ਪ੍ਰਵਾਸੀ ਸਮੂਹ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹੈ। ਇਸ ਵਿਚ ਨਿੱਕੀ ਹੈਲੀ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ, ਸੀਮਾ ਵਰਮਾ ਨੂੰ ਮੈਡੀਕੇਯਰ ਅਤੇ ਮੈਟੀਕੇਟੇਡ ਸਰਵਿਸ ਦਾ ਪ੍ਰਸ਼ਾਸਕ ਬਣਾਇਆ ਗਿਆ। ਰਾਜ ਸ਼ਾਹ ਵ੍ਹਾਈਟ ਹਾਊਸ ਦੇ ਸੰਚਾਰ ਡਾਇਰੈਕਟਰ ਹਨ ਉੱਥੇ ਅਜੀਤ ਪਾਈ ਫੈਡਰਲ ਸੰਚਾਰ ਕਮਿਸ਼ਨ ਦੇ ਚੇਅਰਮੈਨ ਹਨ।
ਚੋਣਾਂ ਦੌਰਾਨ ਖਾਸ ਰਹਿਣਗੀਆਂ ਇਹ ਗੱਲਾਂ
- ਏਸ਼ੀਅਨ ਅਮੇਰਿਕਨ ਅਤੇ ਪੈਸੀਫਿਕ ਆਈਲੈਂਡਰਸ ਡਾਟਾ ਦੇ ਮੁਤਾਬਕ,''2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ 12 ਲੱਖ ਭਾਰਤੀ ਮੂਲ ਦੇ ਰਜਿਸਟਰਡ ਵੋਟਰ ਸਨ। ਇਸ ਵਾਰ 14 ਲੱਖ ਹੋਣ ਦੀ ਆਸ ਹੈ। ਪਿਛਲੀ ਵਾਰ ਪ੍ਰਵਾਸੀਆਂ ਵਿਚ ਸਭ ਤੋਂ ਜ਼ਿਆਦਾ 62 ਫੀਸਦੀ ਵੋਟਿੰਗ ਭਾਰਤੀ ਮੂਲ ਦੇ ਲੋਕਾਂ ਦੀ ਰਹੀ ਹੈ।
- 2016 ਦੀਆਂ ਚੋਣਾਂ ਵਿਚ 84 ਫੀਸਦੀ ਭਾਰਤੀਆਂ ਨੇ ਟਰੰਪ ਦਾ ਵਿਰੋਧ ਕੀਤਾ ਸੀ। 62 ਫੀਸਦੀ ਭਾਰਤੀ ਮੂਲ ਦੇ ਲੋਕ ਖੁਦ ਨੂੰ ਡੈਮੋਕ੍ਰੈਟਿਕ ਦੱਸਦੇ ਹਨ। ਇਸ ਲਈ ਪਿਛਲੀਆਂ ਚੋਣਾਂ ਵਿਚ ਉਹਨਾਂ ਨੇ ਟਰੰਪ ਦੀ ਵਿਰੋਧੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਵੋਟ ਪਾਈ ਸੀ।
- ਫਿਲਹਾਲ ਅਮਰੀਕ ਵਿਚ 5 ਭਾਰਤੀ ਅਮਰੀਕੀ ਸਾਂਸਦ ਹਨ। ਇਹ ਸਾਰੇ ਡੈਮੋਕ੍ਰੈਟਿਕ ਹਨ। ਇਹਨਾਂ ਵਿਚ ਖੰਨਾ (ਕੈਲੀਫੋਰਨੀਆ), ਪ੍ਰਮਿਲਾ ਜੈਪਾਲ (ਵਾਸ਼ਿੰਗਟਨ), ਰਾਜਾ ਕ੍ਰਿਸ਼ਨਾਮੂਰਤੀ (ਇਲੀਨੋਇਸ), ਤੁਲਸੀ ਗੇਬਾਰਡ (ਹਵਾਈ) ਅਤੇ ਕਮਲਾ ਹੈਰਿਸ (ਕੈਲੀਫੋਰਨੀਆ) ਸ਼ਾਮਲ ਹਨ।
- ਟਰੰਪ ਪਹਿਲੇ ਵਿਗਿਆਪਨ ਵਿਚ ਮੇਲਾਨੀਆ ਦੇ ਨਾਲ ਤਾਜਮਹਿਲ ਦੇ ਸਾਹਮਣੇ ਦਿੱਸ ਰਹੇ ਹਨ। ਇਸ ਵਿਚ ਉਹ ਕਹਿ ਰਹੇ ਹਨ,''ਭਾਰਤੀ ਬਿਜ਼ਨੈੱਸ ਵਿਚ ਟਾਈਟਨ ਹੈ ਅਤੇ ਇਨੋਵੇਸ਼ਨ ਤੇ ਤਕਨਾਲੋਜੀ ਦੀ ਦੁਨੀਆ ਵਿਚ ਮਾਸਟਰ ਹਨ। ਮੈਂ ਤੁਹਾਡੇ ਲਈ ਹਮੇਸ਼ਾ ਸੰਘਰਸ਼ ਕਰਦਾ ਰਹਾਂਗਾ।''
- ਦੂਜੇ ਵਿਗਿਆਪਨ ਵਿਚ ਟਰੰਪ ਮੋਦੀ ਦੇ ਨਾਲ ਹਨ। ਇਸ ਵਿਚ ਉਹ ਕਹਿ ਰਹੇ ਹਨ ਕਿ ਅਮਰੀਕਾ ਭਾਰਤ ਨੂੰ ਪਿਆਰ ਕਰਦਾ ਹੈ। ਅਮਰੀਕਾ ਭਾਰਤ ਦੇ ਨਾਲ ਮਜ਼ਬੂਤ ਹਿੱਸੇਦਾਰੀ ਦੀ ਇੱਛਾ ਰੱਖਦਾ ਹੈ।