ਅਮਰੀਕਾ 'ਚ ਮ੍ਰਿਤਕਾਂ ਦੀ ਗਿਣਤੀ 100 ਦੇ ਪਾਰ, ਦੁਨੀਆ 'ਚ ਅੰਕੜਾ 8,000 ਦੇ ਕਰੀਬ

Wednesday, Mar 18, 2020 - 10:39 AM (IST)

ਅਮਰੀਕਾ 'ਚ ਮ੍ਰਿਤਕਾਂ ਦੀ ਗਿਣਤੀ 100 ਦੇ ਪਾਰ, ਦੁਨੀਆ 'ਚ ਅੰਕੜਾ 8,000 ਦੇ ਕਰੀਬ

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦੁਨੀਆ ਭਰ ਵਿਚ ਇਸ ਵਾਇਰਸ ਸਬੰਧੀ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਦੁਨੀਆ ਭਰ ਵਿਚ ਇਸ ਖਤਰਨਾਕ ਵਾਇਰਸ ਨਾਲ ਹੁਣ ਤੱਕ 7,988 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 198,517 ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 2,060 ਲੋਕ ਆਈ.ਸੀ.ਯੂ. ਵਿਚ ਭਰਤੀ ਹਨ ਅਤੇ 82,763 ਮਰੀਜ਼ ਠੀਕ ਵੀ ਹੋਏ ਹਨ।

ਅਮਰੀਕਾ 'ਚ ਗਿਣਤੀ 100 ਦੇ ਪਾਰ
ਤਾਜ਼ਾ ਜਾਣਕਾਰੀ ਮੁਤਾਬਕ ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ 115 ਤੱਕ ਪਹੁੰਚ ਗਈ ਹੈ ਜਦਕਿ 6,513 ਲੋਕ ਇਨਫੈਕਟਿਡ ਹਨ। ਵਾਇਰਸ ਦਾ ਪ੍ਰਕੋਪ 50 ਰਾਜਾਂ ਵਿਚ ਫੈਲ ਰਿਹਾ ਹੈ। ਵਾਸ਼ਿੰਗਟਨ ਰਾਜ ਤੋਂ ਕੋਵਿਡ-19 ਦਾ ਪਹਿਲਾ ਮਾਮਲਾ 26 ਫਰਵਰੀ ਨੂੰ ਦਰਜ ਕੀਤਾ ਗਿਆ ਸੀ। ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ।ਅਮਰੀਕਾ ਅਤੇ ਹੋਰ ਕਈ ਦੇਸ਼ਾਂ ਨੇ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਰੈਸਟੋਰੈਟ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਕਰ ਦਿੱਤੇ ਹਨ।

ਇਟਲੀ 'ਚ ਇਕ ਦਿਨ 'ਚ 300 ਤੋਂ ਵੱਧ ਮੌਤਾਂ
ਚੀਨ ਦੇ ਬਾਅਦ ਕੋਵਿਡ-19 ਨਾਲ ਇਟਲੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਇਟਲੀ ਵਿਚ ਲਗਾਤਾਰ ਤੀਜੇ ਦਿਨ 300 ਤੋਂ ਵੱਧ ਮੌਤਾਂ ਹੋਈਆਂ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ 368 ਮੌਤਾਂ ਅਤੇ ਸੋਮਵਾਰ ਨੂੰ 349 ਮੌਤਾਂ ਹੋਈਆਂ। ਮੰਗਲਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਪਿਛਲੇ 24 ਘੰਟੇ ਵਿਚ 345 ਲੋਕਾਂ ਨੇ ਦਮ ਤੋੜ ਦਿੱਤਾ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 2,503 ਹੋ ਗਈ ਜਦਕਿ 31,506 ਇਨਫੈਕਟਿਡ ਹਨ।

ਇਸ ਵਿਚ ਇਟਲੀ ਵਿਚ ਭਾਰਤੀ ਦੂਤਾਵਾਸ ਨੇ ਜਾਣਕਾਰੀ ਦਿੱਤੀ ਹੈ ਕਿ 300 ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਰੋਮ ਅਤੇ ਇਸ ਦੇ ਨੇੜਲੇ ਇਲਾਕਿਆਂ ਵਿਚ ਫਸੇ ਹੋਏ ਹਨ। ਪਿਛਲੇ ਹਫਤੇ ਦੇ ਅਖੀਰ ਵਿਚ ਉਹਨਾਂ ਦਾ ਟੈਸਟ ਕੀਤਾ ਗਿਆ ਸੀ ਅਤੇ ਰਿਪੋਰਟ ਦਾ ਇੰਤਜ਼ਾਰ ਹੈ।

ਸਾਊਦੀ ਦੀਆਂ ਮਸਜਿਦਾਂ 'ਚ ਨਮਾਜ਼ 'ਤੇ ਰੋਕ
ਸਾਊਦੀ ਅਰਬ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਮਸਜਿਦਾਂ ਵਿਚ ਰੋਜ਼ਾਨਾ 5 ਸਮੇਂ ਦੀ ਨਮਾਜ਼ ਲਈ ਆਉਣ ਵਾਲੇ ਲੋਕਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮਸਜਿਦਾਂ ਵਿਚ ਜੁਮੇ (ਸ਼ੁੱਕਰਵਾਰ) ਦੀ ਨਮਾਜ਼ ਲਈ ਵੀ ਲੋਕ ਨਹੀਂ ਆ ਸਕਣਗੇ।ਸਾਊਦੀ ਵਿਚ ਕੋਰੋਨਾਵਾਇਰਸ ਦੇ 171 ਮਾਮਲੇ ਸਾਹਮਣੇ ਆਏ ਹਨ।

ਪਾਕਿ ਵਾਇਰਸ ਤੋਂ ਬਚਣ ਲਈ ਸ਼ਹਿਰ ਬੰਦ ਨਹੀਂ ਕਰ ਸਕਦਾ : ਇਮਰਾਨ
ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਅਚਾਨਕ ਵੱਧਣੀ ਸ਼ੁਰੂ ਹੋ ਗਈ ਹੈ। ਇੱਥੇ ਹੁਣ ਤੱਕ 1 ਵਿਅਕਤੀ ਦੀ ਮੌਤ ਹੋਈ ਹੈ ਜਦਕਿ 247 ਇਨਫੈਕਟਿਡ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੱਛਮੀ ਦੇਸ਼ਾਂ ਦੀ ਤਰ੍ਹਾਂ ਵੱਡੇ ਪੱਧਰ 'ਤੇ ਸ਼ਹਿਰਾਂ ਨੂੰ ਬੰਦ ਨਹੀਂ ਕਰ ਸਕਦਾ। ਇਮਰਾਨ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਕਦਮ 'ਤੇ ਪਹਿਲਾਂ ਵਿਚਾਰ ਕੀਤਾ ਗਿਆ ਸੀ ਪਰ ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਇਹ ਦੇਸ਼ ਦੀ ਨਾਜੁਕ ਅਰਥਵਿਵਸਥਾ ਨੂੰ ਹੋਰ ਤਬਾਹ ਕਰ ਦੇਵੇਗਾ। 

ਭਾਰਤ 'ਚ 148 ਪਾਜੀਟਿਵ ਮਾਮਲੇ
ਕੋਰੋਨਾਵਾਇਰਸ ਹੁਣ ਭਾਰਤ ਵਿਚ ਵੀ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਬੁੱਧਵਾਰ ਸਵੇਰੇ ਇਨਫੈਕਟਿਡ ਮਰੀਜ਼ਾਂ ਦਾ ਅੰਕੜਾ ਵੱਧ ਕੇ 148 ਹੋ ਗਿਆ। ਇਸ ਵਿਚ 3 ਲੋਕਾਂ ਦੀ ਮੌਤ ਹੋਈ ਹੈ ਜਦਕਿ 13 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਇਨਫੈਕਟਿਡ ਲੋਕਾਂ ਵਿਚ 24 ਵਿਦੇਸ਼ੀ ਨਾਗਿਰਕ ਸ਼ਾਮਲ ਹਨ। ਕੋਰੋਨਾਵਾਇਰਸ ਨਾਲ ਨਜਿੱਠਣ ਲਈ ਸਰਕਾਰ ਤਿੰਨ ਪੱਧਰ 'ਤੇ ਕੰਮ ਕਰ ਰਹੀ ਹੈ। ਜ਼ਿਆਦਾਤਰ ਪ੍ਰਦੇਸ਼ਾਂ ਵਿਚ ਸਕੂਲ, ਕਾਲਜ, ਦਫਤਰ ਤੋਂ ਲੈ ਕੇ ਟੂਰਿਸਟ ਸਥਲ ਬੰਦ ਹਨ।

ਜਾਣੋ ਦੁਨੀਆ ਭਰ ਦੇ ਦੇਸ਼ਾਂ ਦੀ ਸਥਿਤੀ
ਚੀਨ- 80,894 ਮਾਮਲੇ, 3,237 ਮੌਤਾਂ
ਇਟਲੀ- 31,506 ਮਾਮਲੇ, 2,503 ਮੌਤਾਂ
ਈਰਾਨ- 16,169 ਮਾਮਲੇ, 988 ਮੌਤਾਂ
ਸਪੇਨ- 11,826 ਮਾਮਲੇ, 533 ਮੌਤਾਂ
ਜਰਮਨੀ- 9,637 ਮਾਮਲੇ, 26 ਮੌਤਾਂ
ਦੱਖਣੀ ਕੋਰੀਆ- 8,413 ਮਾਮਲੇ, 84 ਮੌਤਾਂ
ਫਰਾਂਸ- 7,730 ਮਾਮਲੇ, 175 ਮੌਤਾਂ
ਅਮਰੀਕਾ- 6,513 ਮਾਮਲੇ, 115 ਮੌਤਾਂ
ਸਵਿਟਜ਼ਰਲੈਂਡ- 2,742 ਮਾਮਲੇ, 27 ਮੌਤਾਂ
ਬ੍ਰਿਟੇਨ- 1,950 ਮਾਮਲੇ, 71 ਮੌਤਾਂ
ਨੀਦਰਲੈਂਡ- 1,705 ਮਾਮਲੇ, 43 ਮੌਤਾਂ
ਨਾਰਵੇ- 1,471 ਮਾਮਲੇ, 3 ਮੌਤਾਂ
ਆਸਟ੍ਰੀਆ- 1,332 ਮਾਮਲੇ, 4 ਮੌਤਾਂ
ਬੈਲਜੀਅਮ- 1,243 ਮਾਮਲੇ, 10 ਮੌਤਾਂ
ਸਵੀਡਨ- 1,196 ਮਾਮਲੇ, 8 ਮੌਤਾਂ
ਡੈਨਮਾਰਕ- 977 ਮਾਮਲੇ, 4 ਮੌਤਾਂ
ਜਾਪਾਨ- 882 ਮਾਮਲੇ, 29 ਮੌਤਾਂ (ਡਾਇਮੰਡ ਪ੍ਰਿ੍ੰਸੈੱਸ ਜਹਾਜ਼ 712 ਮਾਮਲੇ, 7 ਮੌਤਾਂ)
ਕੈਨੇਡਾ- 598 ਮਾਮਲੇ, 8 ਮੌਤਾਂ
ਆਸਟ੍ਰੇਲੀਆ- 539 ਮਾਮਲੇ, 6 ਮੌਤਾਂ
ਗ੍ਰੀਸ- 387 ਮਾਮਲੇ, 5 ਮੌਤਾਂ
ਫਿਲਪੀਨਜ਼- 187 ਮਾਮਲੇ, 14 ਮੌਤਾਂ
ਇੰਡੋਨੇਸ਼ੀਆ- 172 ਮਾਮਲੇ, 7 ਮੌਤਾਂ
ਇਰਾਕ- 154 ਮਾਮਲੇ, 11 ਮੌਤਾਂ

 


author

Vandana

Content Editor

Related News