ਟਰੰਪ ਦੇ ਸਲਾਹਕਾਰ ਰਹੇ ਰੋਜਰ ਸਟੋਨ ਨੂੰ 40 ਮਹੀਨੇ ਦੀ ਜੇਲ

02/21/2020 12:21:48 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲੰਬੇ ਸਮੇਂ ਤੱਕ ਸਾਥੀ ਅਤੇ ਸਲਾਹਕਾਰ ਰਹੇ ਰੋਜਰ ਸਟੋਨ ਨੂੰ 40 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਵੀਰਵਾਰ ਨੂੰ ਇਕ ਅਮਰੀਕੀ ਅਦਾਲਤ ਨੇ ਇਹ ਫੈਸਲਾ ਸੁਣਾਇਆ, ਜੋ ਕਿ 2016 ਵਿਚ ਹੋਈਆਂ ਅਮਰੀਕੀ ਚੋਣਾਂ ਵਿਚ ਗੜਬੜੀ ਦੀ ਜਾਂਚ ਕਰ ਰਹੀ ਸੀ। ਇਸ ਫੈਸਲੇ ਦੇ ਬਾਅਦ ਟਰੰਪ ਨੇ ਆਪਣੇ ਇਕ ਬਿਆਨ ਵਿਚ ਕਿਹਾ ਕਿ ਇਹ ਇਕ ਰਾਜਨੀਤਕ ਫੈਸਲਾ ਹੈ ਅਤੇ ਉਹਨਾਂ ਦੇ ਸਾਬਕਾ ਸਲਾਹਕਾਰ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

2016 ਵਿਚ ਹੋਈਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋਏ ਸਨ। ਜਿਸ ਦੇ ਬਾਅਦ ਰੌਬਰਟ ਮੂਲਰ ਨੇ ਇਕ ਜਾਂਚ ਰਿਪੋਰਟ ਤਿਆਰ ਕੀਤੀ ਸੀ। ਉਸੇ ਆਧਾਰ 'ਤੇ ਰੋਜਰ ਸਟੋਨ ਨੂੰ ਇਹ ਸਜ਼ਾ ਹੋਈ ਹੈ। ਫੈਸਲੇ ਦੇ ਬਾਅਦ ਇਕ ਜਨਸਭਾ ਵਿਚ ਟਰੰਪ ਨੇ ਕਿਹਾ,''ਉਹ ਹਾਲੇ ਇਸ ਫੈਸਲੇ ਨੂੰ ਪੜ੍ਹ ਰਹੇ ਹਨ ਅਤੇ ਸਮਝ ਰਹੇ ਹਨ ਪਰ ਅੱਗੇ ਜੋ ਵੀ ਹੋਵੇਗਾ ਉਹ ਉਸ 'ਤੇ ਪੂਰੀ ਨਜ਼ਰ ਰੱਖਣਗੇ। ਰੋਜਰ ਵਾਪਸੀ ਕਰਨਗੇ ਅਤੇ ਉਹਨਾਂ 'ਤੇ ਅਜਿਹੇ ਦੋਸ਼ ਸਿਰਫ ਰਾਜਨੀਤੀ ਕਾਰਨ ਲਗਾਏ ਜਾ ਰਹੇ ਹਨ।''

ਇਹ ਸੀ ਦੋਸ਼
ਰੋਜਰ ਸਟੋਨ 'ਤੇ ਦੋਸ਼ ਸੀ ਕਿ ਉਸ ਨੇ ਅਮਰੀਕੀ ਕਾਂਗਰਸ ਵਿਚ 7 ਵਾਰ ਝੂਠ ਬੋਲਿਆ ਅਤੇ ਦੇਸ਼ ਨੂੰ ਗੁੰਮਰਾਹ ਕੀਤਾ। ਗਵਾਹਾਂ ਨੂੰ ਉਕਸਾਉਣ ਅਤੇ ਜਾਂਚ ਵਿਚ ਰੁਕਾਵਟ ਪਾਈ। ਅਦਾਲਤ ਨੇ ਆਪਣੇ ਫੈਸਲੇ ਵਿਚ 40 ਮਹੀਨੇ ਦੀ ਜੇਲ, 2 ਮਹੀਨੇ ਦਾ ਪ੍ਰੋਬੇਸ਼ਨ ਅਤੇ 20 ਹਜ਼ਾਰ ਡਾਲਰ ਦਾ ਜ਼ੁਰਮਾਨਾ ਲਗਾਇਆ ਹੈ।

ਰੌਬਰਟ ਮੂਲਰ ਦੀ ਜਾਂਚ ਰਿਪੋਰਟ ਵਿਚ 2016 ਦੀਆਂ ਚੋਣਾਂ ਵਿਚ ਰੀਪਬਲਿਕਨ ਪਾਰਟੀ ਅਤੇ ਰੂਸ ਦੇ ਸੰਬੰਧਾਂ 'ਤੇ ਸਵਾਲ ਖੜ੍ਹੇ ਕੀਤੇ ਗਏ ਸਨ। ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਰੋਜਰ ਸਟੋਨ ਸਭ ਕੁਝ ਜਾਣਨ ਦੇ ਬਾਅਦ ਵੀ ਲਗਾਤਾਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ ਜੋ ਸੰਵਿਧਾਨ ਦੇ ਵਿਰੁੱਧ ਹੈ।ਇੱਥੇ ਦੱਸ ਦਈਏ ਕਿ ਰੋਜਰ ਸਟੋਨ 6ਵੇਂ ਅਜਿਹੇ ਸ਼ਖਸ ਹਨ ਜਿਹਨਾਂ ਦਾ ਡੋਨਾਲਡ ਟਰੰਪ ਨਾਲ ਸੰਬੰਧ ਰਿਹਾ ਹੈ ਅਤੇ ਇਸ ਮਾਮਲੇ ਵਿਚ ਦੋਸ਼ੀ ਪਾਏ ਗਏ ਹਨ। 


Vandana

Content Editor

Related News