ਅਮਰੀਕਾ : ਪੁਲਸ ਅਧਿਕਾਰੀ ਦੇ ਕਾਤਲ ਨੂੰ ਹੋਈ ਮੌਤ ਦੀ ਸਜ਼ਾ
Sunday, Aug 08, 2021 - 12:26 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਇੱਕ ਪੁਲਸ ਅਧਿਕਾਰੀ ਨੂੰ ਕਤਲ ਕਰਨ ਦੇ ਮਾਮਲੇ ’ਚ ਇੱਕ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ’ਚ ਟੈਕਸਾਸ ਦੇ ਇੱਕ ਵਿਅਕਤੀ ਨੂੰ 2016 ’ਚ ਇੱਕ ਸੈਨ ਐਂਟੋਨੀਓ ਪੁਲਸ ਅਧਿਕਾਰੀ ’ਤੇ ਹਮਲਾ ਕਰ ਕੇ ਕਤਲ ਕਰਨ ਲਈ ਦੋਸ਼ੀ ਠਹਿਰਾਉਣ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਸ 31 ਸਾਲਾ ਦੋਸ਼ੀ ਵਿਅਕਤੀ ਓਟਿਸ ਮੈਕਕੇਨ ਨੂੰ ਲੱਗਭਗ ਅੱਠ ਘੰਟਿਆਂ ਲਈ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਬੇਕਸਰ ਕਾਉਂਟੀ ਦੀ ਜਿਊਰੀ ਨੇ ਮੌਤ ਦੀ ਸਜ਼ਾ ਸੁਣਾਈ।
ਉਸ ਨੂੰ ਪਿਛਲੇ ਮਹੀਨੇ ਕਰੀਬ ਪੰਜ ਸਾਲ ਪਹਿਲਾਂ ਪੁਲਸ ਹੈੱਡਕੁਆਰਟਰ ਦੇ ਬਾਹਰ 50 ਸਾਲਾ ਡਿਟੈਕਟਿਵ ਬੈਂਜਾਮਿਨ ਮਾਰਕੋਨੀ ਦੇ ਕਤਲ ਲਈ ਦੋਸ਼ੀ ਪਾਇਆ ਗਿਆ ਸੀ। ਮਾਰਕੋਨੀ ਦੇ ਪਰਿਵਾਰ ਨੇ ਸਜ਼ਾ ਸੁਣਾਉਣ ਤੋਂ ਬਾਅਦ ਮੁਕੱਦਮੇ ’ਚ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਘਟਨਾ ਦੌਰਾਨ ਮ੍ਰਿਤਕ ਪੁਲਸ ਅਧਿਕਾਰੀ ਨਵੰਬਰ 2016 ’ਚ ਆਪਣੀ ਗਸ਼ਤ ਵਾਲੀ ਕਾਰ ਵਿੱਚ ਟ੍ਰੈਫਿਕ ਟਿਕਟ ਲਿਖ ਰਿਹਾ ਸੀ, ਜਿਸ ਦੌਰਾਨ ਮੈਕਕੇਨ ਵੱਲੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ। ਗੋਲੀਬਾਰੀ ਤੋਂ ਬਾਅਦ ਮੈਕਕੇਨ ਨੇ ਕਿਹਾ ਕਿ ਉਹ ਅਦਾਲਤੀ ਪ੍ਰਣਾਲੀ ਤੋਂ ਨਾਰਾਜ਼ ਸੀ ਕਿਉਂਕਿ ਕਿਸੇ ਮਾਮਲੇ ਲਈ ਹਿਰਾਸਤ ਦੌਰਾਨ ਉਸ ਨੂੰ ਆਪਣੇ ਬੇਟੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਜਿਊਰੀ ਨੇ ਇਸ ਕੇਸ ਦੇ ਸਾਰੇ ਪਹਿਲੂਆਂ 'ਤੇ ਵਿਚਾਰ ਕਰ ਕੇ ਅਖੀਰ ਮੌਤ ਦੀ ਸਜ਼ਾ ਦਾ ਆਪਣਾ ਫੈਸਲਾ ਸੁਣਾਇਆ।