ਅਮਰੀਕਾ : ਉੱਤਰੀ ਕੈਰੋਲਿਨਾ ਨੇ ਕਲੋਨੀਅਲ ਪਾਈਪ ਲਾਈਨ ਬੰਦ ਹੋਣ ਤੋਂ ਬਾਅਦ ਐਲਾਨੀ ਐਮਰਜੈਂਸੀ

Tuesday, May 11, 2021 - 09:03 PM (IST)

ਅਮਰੀਕਾ : ਉੱਤਰੀ ਕੈਰੋਲਿਨਾ ਨੇ ਕਲੋਨੀਅਲ ਪਾਈਪ ਲਾਈਨ ਬੰਦ ਹੋਣ ਤੋਂ ਬਾਅਦ ਐਲਾਨੀ ਐਮਰਜੈਂਸੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਕਲੋਨੀਅਲ ਗੈਸ ਪਾਈਪ ਲਾਈਨ ਉੱਪਰ ਹੋਏ ਸਾਈਬਰ ਹਮਲੇ ਨੇ ਸਰਕਾਰ ਨੂੰ ਕਾਫੀ ਚਿੰਤਿਤ ਕੀਤਾ ਹੈ। ਇੱਕ ਰਿਪੋਰਟ ਅਨੁਸਾਰ ਉੱਤਰੀ ਕੈਰੋਲਿਨਾ ਦੇ ਗਵਰਨਰ ਰੋਏ ਕੂਪਰ ਨੇ ਸੋਮਵਾਰ ਇਸ ਕਰਕੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਰਾਜ, ਚੱਲ ਰਹੇ ਪਾਈਪ ਲਾਈਨ ਸੰਕਟ ਦੌਰਾਨ ਤੇਲ ਦੀ ਸਪਲਾਈ ਨੂੰ ਯਕੀਨੀ ਬਣਾਈ ਰੱਖੇਗਾ। ਐਮਰਜੈਂਸੀ ਦਾ ਇਹ ਹੁਕਮ ਸੂਬੇ ਦੇ ਡਰਾਈਵਰਾਂ ਨੂੰ ਮੋਟਰ ਵਾਹਨ ਫਿਊਲ ਦੇ ਨਿਯਮਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰਕੇ ਲੋੜੀਂਦਾ ਤੇਲ ਪ੍ਰਦਾਨ ਕਰਨ ਦਾ ਇਰਾਦਾ ਰੱਖਦਾ ਹੈ।

ਗਵਰਨਰ ਕੂਪਰ ਦੇ ਅਨੁਸਾਰ ਇਹ ਐਮਰਜੈਂਸੀ ਐਲਾਨ ਉੱਤਰੀ ਕੈਰੋਲਿਨਾ ’ਚ ਕਿਸੇ ਵੀ ਸੰਭਾਵੀ ਮੋਟਰ ਵਾਹਨ ਫਿਊਲ ਦੀ ਸਪਲਾਈ ਦੀ ਰੁਕਾਵਟ ਦੂਰ ਕਰਨ ’ਚ ਮਦਦ ਕਰੇਗਾ ਅਤੇ ਇਹ ਯਕੀਨੀ ਕਰੇਗਾ ਕਿ ਵਾਹਨ ਚਾਲਕ ਫਿਊਲ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਇਸ ਸਾਈਬਰ ਹਮਲੇ ਕਾਰਨ ਸੋਮਵਾਰ ਨੂੰ ਚੌਥੇ ਦਿਨ ਵੀ ਕਲੋਨੀਅਲ ਪਾਈਪ ਲਾਈਨ ਆਫਲਾਈਨ ਸੀ। ਹਾਲਾਂਕਿ ਨੈੱਟਵਰਕ ਦੇ ਅੰਦਰ ਇੱਕ ਛੋਟੀ ਲਾਈਨ, ਜੋ ਉੱਤਰੀ ਕੈਰੋਲਿਨਾ ਤੋਂ ਮੈਰੀਲੈਂਡ ਵਿੱਚ ਤੇਲ ਪਹੁੰਚਾਉਂਦੀ ਹੈ, ਮੈਨੁਅਲ ਆਪ੍ਰੇਸ਼ਨ ਅਧੀਨ ਹੈ। ਇਸ ਸਬੰਧੀ ਸੋਮਵਾਰ ਨੂੰ ਐੱਫ. ਬੀ. ਆਈ. ਨੇ ਵੀ ਪੁਸ਼ਟੀ ਕੀਤੀ ਕਿ ਸਾਈਬਰ ਅਟੈਕ ਨੂੰ, ਜਿਨ੍ਹਾਂ ਹੈਕਰਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ, ਨੂੰ ‘ਡਾਰਕਸਾਈਡ’ ਅਤੇ ਕਾਰਪੋਰੇਸ਼ਨਾਂ ਤੋਂ ਨਕਦੀ ਕੱਢਣ ਅਤੇ ਚੈਰਿਟੀ ਨੂੰ ਕਟੌਤੀ ਦੇਣ ਵਜੋਂ ਜਾਣਿਆ ਜਾਂਦਾ ਹੈ।

ਪਾਈਪ ਲਾਈਨ ਦੇ ਸੰਚਾਲਕਾਂ ਨੇ ਸੋਮਵਾਰ ਕਿਹਾ ਕਿ ਟੈਕਸਾਸ ਅਤੇ ਨਿਊਜਰਸੀ ਵਿਚਾਲੇ 10 ਰਾਜਾਂ ’ਚ ਚੱਲਣ ਵਾਲੇ ਨੈੱਟਵਰਕ ਦੀਆਂ ਛੋਟੀਆਂ ਲਾਈਨਾਂ ਮੁੜ ਚਾਲੂ ਕਰਨ ਤੋਂ ਬਾਅਦ ਹਫ਼ਤੇ ਦੇ ਅੰਤ ਤੱਕ ਸੇਵਾ ਦੇ ਮੁੜ ਬਹਾਲ ਹੋਣ ਦੀ ਉਮੀਦ ਹੈ ਪਰ ਉਨ੍ਹਾਂ ਨਾਲ ਹੀ ਕੀਮਤਾਂ ਦੇ ਵਧਣ ਦੀ ਚੇਤਾਵਨੀ ਵੀ ਦਿੱਤੀ ਹੈ।


author

Manoj

Content Editor

Related News