ਧਾਰਾ 370 ''ਤੇ ਅਮਰੀਕਾ ਸਥਿਤ ਮੁਸਲਿਮ ਸੰਗਠਨਾਂ ਵੱਲੋਂ ਪ੍ਰਦਰਸ਼ਨ ਦਾ ਐਲਾਨ

Tuesday, Aug 06, 2019 - 09:16 AM (IST)

ਧਾਰਾ 370 ''ਤੇ ਅਮਰੀਕਾ ਸਥਿਤ ਮੁਸਲਿਮ ਸੰਗਠਨਾਂ ਵੱਲੋਂ ਪ੍ਰਦਰਸ਼ਨ ਦਾ ਐਲਾਨ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਸਥਿਤ ਇਕ ਮੁਸਲਿਮ ਸੰਗਠਨ ਨੇ ਭਾਰਤ ਦੇ ਸੰਵਿਧਾਨ ਦੀ ਧਾਰਾ 370 ਖਤਮ ਕਰਨ ਦੇ ਵਿਰੋਧ ਵਿਚ ਮੰਗਲਵਾਰ ਸਵੇਰੇ ਭਾਰਤੀ ਦੂਤਘਰ ਦੇ ਸਾਹਮਣੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰ ਦਿੱਤਾ ਅਤੇ ਰਾਜ ਦੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੰਡਣ ਦਾ ਪ੍ਰਸਤਾਵ ਸੰਸਦ ਵਿਚ ਰੱਖਿਆ।

ਉੱਤਰੀ ਅਮਰੀਕਾ ਦੇ ਪ੍ਰਮੁੱਖ ਮੁਸਲਿਮ ਮੀਡੀਆ ਸੰਗਠਨ 'ਸਾਊਂਡ ਵਿਜ਼ਨ' ਨੇ ਕਿਹਾ ਕਿ ਨਿਊਯਾਰਕ ਅਤੇ ਸ਼ਿਕਾਗੋ ਵਿਚ ਵੀ ਭਾਰਤੀ ਵਣਜ ਦੂਤਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ। ਕਰੀਬ 28 ਸਾਲ ਪੁਰਾਣੇ ਇਸ ਸਮੂਹ ਨੇ ਆਪਣੇ ਸਮਰਥਕਾਂ ਦੇ ਨਾਮ ਇਕ ਸੰਦੇਸ਼ ਵਿਚ ਕਿਹਾ,''ਕੱਲ ਦੁਪਹਿਰ 12 ਵਜੇ, ਭਾਰਤ ਦੂਤਘਰਾਂ ਅਤੇ ਕੌਂਸਲੇਟਾਂ ਦੇ ਸਾਹਮਣੇ ਰੈਲੀਆਂ ਕੱਢੀਆਂ ਜਾਣਗੀਆਂ।'' ਉਸ ਨੇ ਕਿਹਾ,''ਕ੍ਰਿਪਾ ਕਰ ਕੇ ਆਪਣੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਨਾਲ ਆਓ। ਭਾਰਤ ਨੂੰ ਇਹ ਦਿਖਾਉਣਾ ਜ਼ਰੂਰੀ ਹੈ ਕਿ ਦੁਨੀਆ ਸਭ ਦੇਖ ਰਹੀ ਹੈ ਅਤੇ ਅਸੀਂ ਕਸ਼ਮੀਰ ਦੇ ਲੋਕਾਂ ਦੇ ਨਾਲ ਹਾਂ।'' 

ਸਮੂਹ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਵਿਸ਼ਾਲ ਸਭਾਵਾਂ ਦੀ ਵਰਤੋਂ ਜੰਮੂ-ਕਸ਼ਮੀਰ ਨਾਲ ਜੁੜੇ ਘਟਨਾਕ੍ਰਮ 'ਤੇ ਜਾਗਰੂਕਤਾ ਵਧਾਉਣ ਲਈ ਕਰਨ। ਉਨ੍ਹਾਂ ਨੇ ਸਮਰਥਕਾਂ ਨੂੰ ਕਸ਼ਮੀਰ ਦਾ ਮਾਮਲਾ ਰਾਜ ਦੇ ਸੈਨੇਟਰਾਂ ਸਾਹਮਣੇ ਚੁੱਕਣ ਦੀ ਅਪੀਲ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜੰਮੂ-ਕਸ਼ਮੀਰ ਦੀ ਨੀਤੀ 'ਤੇ ਕਾਨੂੰਨ ਤਬਦੀਲੀ ਦੇ ਐਲਾਨ ਦੇ ਕੁਝ ਘੰਟੇ ਬਾਅਦ ਹੀ 'ਸਾਊਂਡ ਵਿਜ਼ਨ' ਨੇ ਕਸ਼ਮੀਰ 'ਤੇ ਦੋ ਸਫਿਆਂ ਦਾ ਇਕ ਵੇਰਵਾ ਤਿਆਰ ਕੀਤਾ।


author

Vandana

Content Editor

Related News