ਜੋਅ ਬਾਈਡੇਨ ਦੇ ਸਹੁੰ ਚੁੱਕ ਦਿਵਸ ਤੋਂ ਪਹਿਲਾਂ ਉਡਾਨਾਂ ਜ਼ਰੀਏ ਬੈਗਾਂ "ਚ ਅਸਲਾ ਲਿਜਾਣ ''ਤੇ ਪਾਬੰਦੀ
Sunday, Jan 17, 2021 - 11:56 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ 20 ਜਨਵਰੀ ਨੂੰ ਹੋ ਰਹੇ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਪ੍ਰਸ਼ਾਸਨ ਸੁਰੱਖਿਆ ਪ੍ਰਬੰਧ ਨੂੰ ਲੈ ਕੇ ਪੂਰੀ ਤਰ੍ਹਾਂ ਸਾਵਧਾਨ ਹੈ।ਟਰੰਪ ਹਮਾਇਤੀਆਂ ਦੁਆਰਾ ਕੈਪੀਟਲ ਹਿਲ ਵਿੱਚ ਕੀਤੇ ਦੰਗਿਆਂ ਤੋਂ ਬਾਅਦ ਇਸ ਸਮਾਗਮ ਦੌਰਾਨ ਵੀ ਹਿੰਸਾ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਲਈ ਸੁਰੱਖਿਆ ਕਾਰਨਾਂ ਕਰਕੇ ਦੇਸ਼ ਦੀਆਂ ਪ੍ਰਮੁੱਖ ਏਅਰਲਾਈਨਜ਼ ਅਤੇ ਹਵਾਈ ਅੱਡੇ ਅਗਲੇ ਹਫਤੇ ਰਾਸ਼ਟਰਪਤੀ ਸਹੁੰ ਸਮਾਰੋਹ ਤੋਂ ਪਹਿਲਾਂ ਸੁਰੱਖਿਆ ਵਧਾ ਰਹੇ ਹਨ। ਇਸ ਸੰਬੰਧੀ ਡੈਲਟਾ ਅਤੇ ਹੋਰ ਪ੍ਰਮੁੱਖ ਏਅਰ ਕੰਪਨੀਆਂ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੁਆਰਾ ਵਾਸ਼ਿੰਗਟਨ ਜਾਣ ਵਾਲੇ ਯਾਤਰੀਆਂ ਦੇ ਚੈਕ ਬੈਗਾਂ ਵਿੱਚ ਬੰਦੂਕਾਂ ਰੱਖਣ ਤੇ ਪਾਬੰਦੀ ਲਗਾਈ ਜਾਵੇਗੀ।
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਦੁਆਰਾ 6 ਜਨਵਰੀ ਨੂੰ ਸੰਯੁਕਤ ਰਾਜ ਦੀ ਰਾਜਧਾਨੀ ਵਿੱਚ ਹੋਏ ਦੰਗਿਆਂ ਅਤੇ ਕੁਝ ਉਡਾਣਾਂ ਵਿੱਚ ਰਾਜਨੀਤਿਕ ਤੌਰ ਤੇ ਹੋਏ ਟਕਰਾਅ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਪਿਛਲੇ ਦਿਨੀ ਦੇਸ਼ ਦੇ ਸੈਨੇਟਰਾਂ ਨੂੰ ਵੀ ਹਵਾਈ ਅੱਡਿਆਂ ਤੇ ਉਡਾਨਾਂ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਬਾਰੇ ਸਭ ਤੋਂ ਪਹਿਲਾਂ ਡੈਲਟਾ ਏਅਰ ਲਾਈਨਜ਼ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਸੀ ਕਿ ਇਹ ਵਾਸ਼ਿੰਗਟਨ ਖੇਤਰ ਦੇ ਹਵਾਈ ਅੱਡਿਆਂ ਤੇ ਬੰਦੂਕਾਂ ਲੈ ਜਾਣ ਤੇ ਪਾਬੰਦੀ ਲਗਾਵੇਗੀ ਅਤੇ ਬਾਅਦ ਵਿੱਚ ਯੂਨਾਈਟਿਡ, ਅਲਾਸਕਾ, ਅਮੈਰੀਕਨ ਆਦਿ ਏਅਰ ਕੰਪਨੀਆਂ ਨੇ ਵੀ ਇਹ ਘੋਸ਼ਣਾ ਕੀਤੀ। ਜਿਸ ਅਨੁਸਾਰ ਇਹ ਪਾਬੰਦੀਆਂ ਸ਼ਨੀਵਾਰ ਤੋਂ ਸ਼ੁਰੂ ਹੋ ਕੇ ਅਤੇ 23 ਜਨਵਰੀ ਤੱਕ ਲਾਗੂ ਹੋਣਗੀਆਂ।
ਪੜ੍ਹੋ ਇਹ ਅਹਿਮ ਖਬਰ- ਵੱਡੀ ਖ਼ਬਰ : ਚੀਨ 'ਚ ਆਈਸਕ੍ਰੀਮ 'ਚੋਂ ਮਿਲਿਆ ਕੋਰੋਨਾ ਵਾਇਰਸ, 4,836 ਬਕਸੇ ਸੰਕ੍ਰਮਿਤ
ਇਸ ਦੇ ਇਲਾਵਾ ਏਅਰਲਾਈਨਜ਼ ਨੇ ਹੋਰ ਨਿਯਮਾਂ ਦੀ ਵੀ ਘੋਸ਼ਣਾ ਕੀਤੀ ਹੈ ਜਿਸ ਵਿੱਚ ਅਮੈਰੀਕਨ ਏਅਰਲਾਈਨ ਨੇ ਵਾਸ਼ਿੰਗਟਨ ਖੇਤਰ ਦੀਆਂ ਉਡਾਣਾਂ ਤੇ ਸ਼ਰਾਬ ਪੀਣ 'ਤੇ ਪਾਬੰਦੀ ਲਗਾਈ ਹੈ ਜੋ ਸ਼ਨੀਵਾਰ ਤੋਂ ਸ਼ੁਰੂ ਹੋ ਕੇ ਵੀਰਵਾਰ ਤੱਕ ਜਾਰੀ ਰਹੇਗੀ।ਇਸ ਦੇ ਨਾਲ ਹੀ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਅਨੁਸਾਰ ਹਵਾਈ ਜਹਾਜ਼ ਦੇ ਸਟਾਫ ਮੈਂਬਰਾਂ ਜਾਂ ਹੋਰ ਯਾਤਰੀਆਂ ਨਾਲ ਦੁਰਵਿਵਹਾਰ ਕਰਨ ਵਾਲਿਆਂ ਨੂੰ ਚੇਤਾਵਨੀ ਦੇਣ ਦੀ ਜਗ੍ਹਾ ਤੁਰੰਤ ਕਾਨੂੰਨੀ ਕਾਰਵਾਈ ਅਧੀਨ ਲਿਆਂਦਾ ਜਾਵੇਗਾ। ਅਮਰੀਕਾ ਵਿੱਚ ਫੈਡਰਲ ਕਾਨੂੰਨ ਯਾਤਰੀਆਂ ਨੂੰ ਚੈਕ ਕੀਤੇ ਸਮਾਨ ਵਿੱਚ ਅਨਲੋਡ ਅਤੇ ਲਾਕ ਕੀਤੀਆਂ ਬੰਦੂਕਾਂ ਨੂੰ ਬੰਦ ਕਰਕੇ ਪਾਉਣ ਦੀ ਆਗਿਆ ਦਿੰਦਾ ਹੈ ਹਾਲਾਂਕਿ ਏਅਰਲਾਈਨਾਂ ਨੂੰ ਬੰਦੂਕਾਂ 'ਤੇ ਪਾਬੰਦੀ ਲਗਾਉਣ ਦਾ ਅਧਿਕਾਰ ਹੈ ਪਰ ਕਾਨੂੰਨ ਦੁਆਰਾ ਕੈਰੀ ਆਨ ਬੈਗਾਂ ਵਿੱਚ ਬੰਦੂਕਾਂ ਆਦਿ ਲੈ ਕੇ ਜਾਣ ਦੀ ਮਨਾਹੀ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।