ਸਪੀਕਰ ਪੇਲੋਸੀ ਨੇ ਟਰੰਪ ''ਤੇ ਮਹਾਦੋਸ਼ ਦੀ ਕਾਰਵਾਈ ਦਾ ਪ੍ਰਸਤਾਵ ਸੈਨੇਟ ਨੂੰ ਸੌਂਪਿਆ

01/16/2020 4:36:32 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਹਾਊਸ ਆਫ ਰੀਪ੍ਰੀਜੈਂਟੇਟਿਵ (ਸੰਸਦ ਦਾ ਹੇਠਲਾ ਸਦਨ) ਦੀ ਸਪੀਕਰ ਨੈਨਸੀ ਪੇਲੋਸੀ ਨੇ ਵੀਰਵਾਰ ਨੂੰ ਸੈਨੇਟ ਨੂੰ ਸੌਂਪੇ। ਪੇਲੋਸੀ ਨੇ ਇਹਨਾਂ ਦਸਤਾਵੇਜ਼ਾਂ 'ਤੇ ਖੁਦ ਦਸਤਖਤ ਕਰਨ ਦੇ ਬਾਅਦ ਉੱਥੇ ਮੌਜੂਦ ਸਾਂਸਦਾਂ ਨੂੰ ਖੁਦ ਪੈੱਨ ਵੰਡੇ। ਦਸਤਾਵੇਜ਼ ਸੌਂਪਣ ਦੇ ਬਾਅਦ ਮਹਾਦੋਸ਼ ਦੀ ਸੁਣਵਾਈ ਲਈ ਚੁਣੇ ਗਏ ਹਾਊਸ ਮੈਨੇਜਰ ਨੇ ਸੈਨੇਟ ਦੇ ਚੈਂਬਰ ਵਿਚ ਸਾਰੇ ਮੈਂਬਰਾਂ ਨੂੰ ਟਰੰਪ 'ਤੇ ਲਗਾਏ ਗਏ ਦੋਸ਼ਾਂ ਨੂੰ ਪੜ੍ਹ ਕੇ ਸੁਣਾਇਆ। ਪਹਿਲੇ ਦਸਤਾਵੇਜ਼ ਵਿਚ ਟਰੰਪ 'ਤੇ ਸੱਤਾ ਦੀ ਦੁਰਵਰਤੋਂ ਦਾ ਦੋਸ਼ ਹੈ ਜਦਕਿ ਦੂਜੇ ਪ੍ਰਸਤਾਵ ਵਿਚ ਉਹਨਾਂ ਦੇ ਵਿਰੁੱਧ ਮਹਾਦੋਸ਼ ਸੁਣਵਾਈ ਦੇ ਦੌਰਾਨ ਸੰਸਦ ਦੇ ਕੰਮ ਵਿਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਗਿਆ ਹੈ। 

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਾਰਵਾਈ ਲਈ ਵੋਟਿੰਗ ਕੀਤੀ ਗਈ। ਹੇਠਲੇ ਸਦਨ ਵਿਚ ਚੱਲ ਰਹੀ ਮਹਾਦੋਸ਼ ਦੀ ਕਾਰਵਾਈ ਨੂੰ ਉੱਪਰੀ ਸਦਨ ਸੈਨੇਟ ਭੇਜਣ ਦੇ ਪੱਖ ਵਿਚ ਸਾਂਸਦਾਂ ਨੋ ਵੋਟਿੰਗ ਕੀਤੀ। ਸੈਨੇਟ ਵਿਚ ਕਾਰਵਾਈ ਚਲਾਏ ਜਾਣ ਦੇ ਪੱਖ ਵਿਚ 228 ਸਾਂਸਦਾਂ ਨੇ ਜਦਕਿ ਵਿਰੋਧ ਵਿਚ 193 ਸਾਂਸਦਾਂ ਨੋ ਵੋਟਿੰਗ ਕੀਤੀ। ਮਹਾਦੋਸ਼ ਨੂੰ ਰੀਪਬਲਿਕਨ ਕੰਟਰੋਲ ਸੈਨੇਟ ਭੇਜੇ ਜਾਣ ਤੋਂ ਪਹਿਲਾਂ ਅਮਰੀਕੀ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਨਸੀ ਪੇਲੋਸੀ ਨੇ ਇਸ ਦੇ ਤਹਿਤ ਲਗਾਏ ਗਏ ਦੋਸ਼ਾਂ 'ਤੇ ਦਸਤਖਤ ਕੀਤੇ। ਇਹਨਾਂ ਦੋਸ਼ਾਂ 'ਤੇ ਦਸਤਖਤ ਕਰਨ ਤੋਂ ਪਹਿਲਾਂ ਪੇਲੋਸੀ ਨੇ ਕਿਹਾ,''ਸਾਡੇ ਦੇਸ਼ ਦੇ ਲਈ ਇਹ ਬਹੁਤ ਦੁਖਦਾਈ, ਬਹੁਤ ਤ੍ਰਾਸਦੀ ਭਰਪੂਰ ਹੈ ਕਿ ਰਾਸ਼ਟਰਪਤੀ ਨੇ ਸਾਡੀ ਰਾਸ਼ਟਰੀ ਸੁਰੱਖਿਆ ਨੂੰ ਕਮਜ਼ੋਰ ਕਰਨ, ਆਪਣੇ ਅਹੁਦੇ ਦੀ ਸਹੁੰ ਦੀ ਉਲੰਘਣਾ ਕਰਨ ਅਤੇ ਸਾਡੀਆਂ ਚੋਣਾਂ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਲਈ ਕਦਮ ਚੁੱਕੇ।''

ਟਰੰਪ ਵਿਰੁੱਧ ਮੁਕੱਦਮਾ ਚਲਾਉਣ ਲਈ ਚੁਣ ਗਏ ਪ੍ਰਤੀਨਿਧੀ ਸਭਾ ਦੇ ਪ੍ਰਬੰਧਕਾਂ ਸਮੇਤ ਅਧਿਕਾਰੀਆਂ ਨੇ ਸੈਨੇਟ ਦੇ ਇਕ ਕਰਮੀ ਨੂੰ ਨੀਲੇ ਰੰਗ ਦੇ ਫੋਲਡਰ ਵਿਚ ਇਹ ਪ੍ਰਸਤਾਵ ਸੌਂਪਿਆ। ਇਸ ਦੇ ਬਾਅਦ ਸੈਨੇਟ ਵਿਚ ਬਹੁਮਤ ਦਲ ਦੇ ਨੇਤਾ ਮਿਚ ਮੈਕਾਨੇਲ ਨੇ ਪ੍ਰਤੀਨਿਧੀ ਸਭਾ ਦੇ ਪ੍ਰਬੰਧਕਾਂ ਨੂੰ ਸੈਨੇਟ ਸੱਦਾ ਦਿੱਤਾ ਜੋ ਵੀਰਵਾਰ ਦੁਪਹਿਰ 12 ਵਜੇ ਦੋਸ਼ਾਂ ਨੂੰ ਰਸਮੀ ਰੂਪ ਨਾਲ ਪੜ੍ਹਿਆ ਗਿਆ। ਅਮਰੀਕੀ ਸੁਪਰੀਮ ਕੋਰਟ ਦੇ ਜੱਜ ਜੌਨ ਰੌਬਰਟ ਸਥਾਨਕ ਸਮੇਂ ਮੁਤਾਬਕ ਦੁਪਹਿਰ 2 ਵਜੇ ਸਹੁੰ ਦਿਵਾਉਣਗੇ। ਮਿਚ ਮੈਕਾਨੇਲ ਨੇ ਕਿਹਾ,''ਚੀਫ ਜਸਟਿਸ ਸਾਨੂੰ ਸਾਰੇ ਸੈਨੇਟਰਾਂ ਨੂੰ ਸਹੁੰ ਦਿਵਾਉਣਗੇ।'' 

ਅਮਰੀਕੀ ਇਤਿਹਾਸ ਵਿਚ ਤੀਜੀ ਵਾਰ ਸੈਨੇਟ ਮਹਾਦੋਸ਼ ਅਦਾਲਤ ਦਾ ਰੂਪ ਲਵੇਗੀ। ਮੈਕਾਨੇਲ ਨੇ ਕਿਹਾ,''ਸੁਣਵਾਈ ਮੰਗਲਵਾਰ ਨੂੰ ਸ਼ੁਰੂ ਕੀਤੀ ਜਾਵੇਗੀ। ਅਸੀਂ ਗੁੱਟਬਾਜ਼ੀ ਤੋਂ ਉਪਰ ਉਠ ਕੇ ਆਪਣੀਆਂ ਸੰਸਥਾਵਾਂ ਦੇ ਲਈ, ਆਪਣੇ ਰਾਜਾਂ ਦੇ ਲਈ ਅਤੇ ਰਾਸ਼ਟਰਾਂ ਦੇ ਲਈ ਨਿਆਂ ਕਰਾਂਗੇ।''


Vandana

Content Editor

Related News