ਟਰੰਪ ਨੇ ਮਹਾਦੋਸ਼ ਟ੍ਰਾਇਲ ਵਾਲੇ ਦਿਨ ਕੀਤੇ 142 ਟਵੀਟ ਤੇ ਰੀਟਵੀਟ

Thursday, Jan 23, 2020 - 05:52 PM (IST)

ਟਰੰਪ ਨੇ ਮਹਾਦੋਸ਼ ਟ੍ਰਾਇਲ ਵਾਲੇ ਦਿਨ ਕੀਤੇ 142 ਟਵੀਟ ਤੇ ਰੀਟਵੀਟ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਦੇ ਤੌਰ 'ਤੇ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇਕ ਦਿਨ ਵਿਚ ਸਭ ਤੋਂ ਜ਼ਿਆਦਾ ਟਵੀਟ ਅਤੇ ਰੀਟਵੀਟ ਕਰਨ ਦੇ ਆਪਣੇ ਹੀ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ। ਉਹਨਾਂ ਨੇ 22 ਜਨਵਰੀ ਨੂੰ 142 ਵਾਰ ਟਵਿੱਟਰ 'ਤੇ ਆਪਣੀ ਗੱਲ ਰੱਖੀ। ਇਸ ਤੋਂ ਪਹਿਲਾਂ ਟਰੰਪ ਨੇ ਸਭ ਤੋਂ ਜ਼ਿਆਦਾ 124 ਟਵੀਟ ਕਰਨ ਦਾ ਰਿਕਾਰਡ ਹੇਠਲੇ ਸਦਨ ਵਿਚ ਹਾਊਸ ਜੂਡੀਸ਼ਰੀ ਕਮੇਟੀ ਦੇ ਸੈਸ਼ਨ ਦੇ ਦੌਰਾਨ 12 ਦਸੰਬਰ ਨੂੰ ਬਣਾਇਆ ਸੀ, ਜਿਸ ਵਿਚ ਉਹਨਾਂ ਦੇ ਵਿਰੁੱਧ ਮਹਾਦੋਸ਼ ਚਲਾਉਣ ਲਈ ਦੋ ਆਰਟੀਕਲ ਮਨਜ਼ੂਰੀ ਦਿਵਾਉਣ ਲਈ ਬਹਿਸ ਹੋਈ ਸੀ। 

 

ਬੁੱਧਵਾਰ ਨੂੰ ਟਰੰਪ ਦੇ ਜ਼ਿਆਦਾਤਰ ਟਵੀਟ ਅਤੇ ਰੀਟਵੀਟ ਯੂ.ਐੱਸ. ਸੈਨੇਟ ਮਹਾਦੋਸ਼ ਟ੍ਰਾਇਲ ਨਾਲ ਸਬੰਧਤ ਸਨ। ਅਮਰੀਕੀ ਸੰਸਦ ਦੇ ਉੱਚ ਸਦਨ ਸੈਨੇਟ ਵਿਚ ਉਹਨਾਂ ਵਿਰੁੱਧ ਮਹਾਦੋਸ਼ ਪ੍ਰਸ਼ਤਾਵ 'ਤੇ 13 ਘੰਟੇ ਸੁਣਵਾਈ  ਹੋਈ। ਉਂਝ ਟਰੰਪ ਬੁੱਧਵਾਰ ਨੂੰ ਸਵਿਟਜ਼ਰਲੈਂਡ ਦੇ ਦਾਵੋਸ ਵਿਚ ਸਨ, ਇਸ ਲਈ ਉਹਨਾਂ ਨੇ ਟਵੀਟ ਦੀ ਸ਼ੁਰੂਆਤ ਵਰਲਡ ਇਕਨੋਮਿਕ ਫੋਰਮ ਨਾਲ ਜੁੜੇ ਟਵੀਟ ਨਾਲ ਕੀਤੀ। Factba.se ਦੇ ਮੁਤਾਬਕ ਟਰੰਪ ਬੁੱਧਵਾਰ ਨੂੰ ਉੱਥੋਂ ਦੇ ਸਥਾਨਕ ਸਮੇਂ ਮੁਤਾਬਕ ਸਵੇਰੇ 6 ਤੋਂ 7 ਵਜੇ ਦੇ ਵਿਚ 41 ਟਵੀਟ ਕਰ ਚੁੱਕੇ ਸਨ। ਇਹਨਾਂ ਵਿਚ ਜ਼ਿਆਦਾਤਰ ਪੋਸਟ ਉਹਨਾਂ ਸੰਦੇਸ਼ਾਂ, ਵੀਡੀਓ ਤੇ ਤਸਵੀਰਾਂ ਦੇ ਰਟਵੀਟ ਸਨ ਜਿਹੜੇ ਰੀਪਬਲਿਕਨ ਸਾਂਸਦਾਂ ਅਤੇ ਹੋਰ ਟਰੰਪ ਸਮਰਥਕਾਂ ਨੇ ਸਾਂਝਾ ਕੀਤੇ ਸਨ। ਉਹ ਮਹਾਦੋਸ਼ ਲਈ ਡੈਮੋਕ੍ਰੈਟਸ ਦੀ ਆਲੋਚਨਾ ਕਰ ਰਹੇ ਸਨ ਅਤੇ ਟਰੰਪ ਰਾਜਨੀਤੀ ਅਤੇ ਨੀਤੀ 'ਤੇ ਭਰੋਸਾ ਜ਼ਾਹਰ ਕਰ ਰਹੇ ਸਨ।


author

Vandana

Content Editor

Related News