5 ਭਾਰਤੀ ਸ਼ਾਂਤੀ ਰੱਖਿਅਕਾਂ ਨੂੰ ਮਰਨ ਤੋਂ ਬਾਅਦ ਕੀਤਾ ਜਾਵੇਗਾ ਸਨਮਾਨਿਤ : UN
Wednesday, May 27, 2020 - 06:09 PM (IST)
ਸੰਯੁਕਤ ਰਾਸ਼ਟਰ (ਭਾਸ਼ਾ): ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਮੁਹਿੰਮਾਂ ਵਿਚ ਸੇਵਾ ਦਿੰਦੇ ਹੋਏ ਆਪਣੀ ਜਾਨ ਵਾਰ ਦੇਣ ਵਾਲੇ 5 ਭਾਰਤੀ ਸ਼ਾਂਤੀ ਰੱਖਿਅਕਾਂ ਸਮੇਤ 83 ਮਿਲਟਰੀ, ਪੁਲਸ ਤੇ ਗੈਰ ਮਿਲਟਰੀ ਕਰਮੀਆਂ ਨੂੰ ਮਰਨ ਤੋਂ ਬਾਅਦ ਵੱਕਾਰੀ ਸੰਯੁਕਤ ਰਾਸ਼ਟਰ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਦੱਖਣੀ ਸੂਡਾਨ ਵਿਚ ਸੰਯੁਕਤ ਰਾਸ਼ਟਰ ਦੇ ਮਿਸ਼ਨ ਵਿਚ ਸੇਵਾ ਦੇਣ ਵਾਲੇ ਮੇਜਰ ਰਵੀ ਇੰਦਰ ਸਿੰਘ ਸੰਧੂ ਅਤੇ ਸਾਰਜੈਂਟ ਲਾਲ ਮਨੋਤਰਾ ਤਾਰਸੇਮ, ਲੇਬਨਾਨ ਵਿਚ ਸੰਯੁਕਤ ਰਾਸ਼ਟਰ ਅੰਤਰਿਮ ਬਲ ਵਿਚ ਸਾਰਜੈਂਟ ਰਮੇਸ਼ ਸਿੰਘ, ਯੂ.ਐੱਨ. ਡਿਸਅਗੈਂਜਮੈਂਟ ਆਬਜ਼ਰਵਰ ਫੋਰਸ ਵਿਚ ਕੰਮ ਕਰਨ ਵਾਲੇ ਪੀ.ਜਾਨਸਨ ਬੇਕ ਅਤੇ ਕਾਂਗੋ ਵਿਚ ਸੰਯੁਕਤ ਰਾਸ਼ਟਰ ਦੇ ਮਿਸ਼ਨ ਵਿਚ ਕੰਮ ਕਰਨ ਵਾਲੇ ਐਡਵਰਡ ਏ. ਪਿੰਟੋ ਨੂੰ 29 ਮਈ ਨੂੰ ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਦਿਵਸ 'ਤੇ ਮਰਨ ਤੋਂ ਬਾਅਦ 'ਦੈਗ ਹੈਮਰਸਕੋਲਦ ਮੈਡਲ' ਦਿੱਤਾ ਜਾਵੇਗਾ।
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ 1948 ਦੇ ਬਾਅਦ ਆਪਣੀ ਜਾਨ ਗਵਾਉਣ ਵਾਲੇ ਸਾਰੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ਨੂੰ ਸ਼ਰਧਾਂਜਲੀ ਦੇਣਗੇ।ਇਸ ਦੇ ਬਾਅਦ ਇਕ ਸਮਾਰੋਹ ਦੀ ਪ੍ਰਧਾਨਗੀ ਕਰਨਗੇ ਜਿਸ ਵਿਚ 2019 ਵਿਚ ਡਿਊਟੀ ਕਰਦਿਆਂ ਆਪਣੀ ਜਾਨ ਗਵਾਉਣ ਵਾਲੇ 83 ਮਿਲਟਰੀ, ਪੁਲਸ ਅਤੇ ਗੈਰ ਮਿਲਟਰੀ ਸ਼ਾਂਤੀ ਰੱਖਿਅਕਾਂ ਨੂੰ ਮਰਨ ਤੋਂ ਬਾਅਦ ਵੱਕਾਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ, ਕੋਰੋਨਾ ਨਾਲ ਮੌਤ ਦੇ ਖਤਰੇ ਬਾਰੇ ਦੱਸਦੀ ਹੈ ਉਂਗਲ ਦੀ ਲੰਬਾਈ
ਵਿਸ਼ਵ ਸੰਗਠਨ ਨੇ ਕਿਹਾ ਕਿ ਇਸ ਸਾਲ ਸ਼ਾਂਤੀ ਰੱਖਿਅਕਾਂ ਦੀਆਂ ਚੁਣੌਤੀਆਂ ਅਤੇ ਖਤਰੇ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹਨ ਕਿਉਂਕਿ ਨਾ ਸਿਰਫ ਉਹ ਕੋਵਿਡ-19 ਗਲੋਬਲ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ ਸਗੋਂ ਆਪਣੀ ਤਾਇਨਾਤੀ ਵਾਲੇ ਦੇਸ਼ਾਂ ਵਿਚ ਲੋਕਾਂ ਦੀ ਰੱਖਿਆ ਵੀ ਕਰ ਰਹੇ ਹਨ। ਉਸ ਨੇ ਕਿਹਾ ਕਿ ਕੋਵਿਡ-19 ਦੇ ਖਤਰੇ ਦੇ ਬਾਵਜੂਦ ਉਹ ਪੂਰੀ ਸਮਰੱਥਾ ਦੇ ਨਾਲ ਆਪਣੀ ਮੁਹਿੰਮ ਚਲਾਏ ਹੋਏ ਹਨ ਅਤੇ ਸਰਕਾਰਾਂ ਤੇ ਸਥਾਨਕ ਆਬਾਦੀ ਦਾ ਸਹਿਯੋਗ ਕਰ ਰਹੇ ਹਨ।