ਯੂ.ਏ.ਈ. 'ਚ ਕੋਰੋਨਾਵਾਇਰਸ ਦੀ ਚਪੇਟ 'ਚ ਆਇਆ ਭਾਰਤੀ ਵਿਅਕਤੀ

Tuesday, Feb 11, 2020 - 04:41 PM (IST)

ਯੂ.ਏ.ਈ. 'ਚ ਕੋਰੋਨਾਵਾਇਰਸ ਦੀ ਚਪੇਟ 'ਚ ਆਇਆ ਭਾਰਤੀ ਵਿਅਕਤੀ

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਇਕ ਭਾਰਤੀ ਨਾਗਰਿਕ ਕੋਰੋਨਾਵਾਇਰਸ ਦੀ ਚਪੇਟ ਵਿਚ ਆ ਗਿਆ ਹੈ। ਦੇਸ਼ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਦੇ ਨਾਲ ਹੀ ਕੁੱਲ 8 ਮਾਮਲਿਆਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਚੀਨ ਦੇ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਚੀਨ ਦੇ ਕੋਰੋਨਾਵਾਇਰਸ ਪ੍ਰਕੋਪ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 1,016 ਹੋ ਚੁੱਕੀ ਹੈ ਜਦਕਿ 42,638 ਮਾਮਲਿਆਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। 

ਯੂ.ਏ.ਈ. ਸਿਹਤ ਅਤੇ ਬਚਾਅ ਮੰਤਰਾਲੇ ਨੇ ਕਿਹਾ ਕਿ ਭਾਰਤੀ ਨਾਗਰਿਕ ਵਿਚ ਇਹ ਇਨਫੈਕਸ਼ਨ ਇਕ ਹੋਰ ਇਨਫੈਕਟਿਡ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ ਆਇਆ ਹੈ। ਮੰਤਰਾਲੇ ਨੇ ਟਵੀਟ ਕੀਤਾ,''ਸਿਹਤ ਅਤੇ ਬਚਾਅ ਮੰਤਰਾਲੇ ਨੇ ਅੱਜ ਯੂ.ਏ.ਈ. ਵਿਚ ਨਵੇਂ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ 8ਵੇਂ ਮਾਮਲੇ ਦਾ ਐਲਾਨ ਕੀਤਾ ਜੋ ਇਕ ਭਾਰਤੀ ਨਾਗਰਿਕ ਹੈ ਅਤੇ ਉਸ ਵਿਚ ਇਹ ਇਨਫੈਕਸ਼ਨ ਅਜਿਹੇ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ ਫੈਲਿਆ, ਜਿਸ ਵਿਚ ਹਾਲ ਹੀ ਵਿਚ ਵਾਇਰਸ ਦੀ ਪੁਸ਼ਟੀ ਹੋਈ ਸੀ।'' 

ਐਤਵਾਰ ਨੂੰ ਮੰਤਰਾਲੇ ਨੇ ਕਿਹਾ ਸੀ ਕਿ ਦੋ ਨਵੇਂ ਮਰੀਜ਼ਾਂ- ਇਕ ਚੀਨੀ ਨਾਗਰਿਕ ਅਤੇ ਇਕ ਫਿਲਪੀਨਜ਼ ਦੇ  ਨਾਗਰਿਕ ਵਿਚ ਇਸ ਵਾਇਰਸ ਦਾ ਪਤਾ ਚੱਲਿਆ ਹੈ ਅਤੇ ਉਹਨਾਂ ਦਾ ਦੇਸ਼ ਦੇ ਉੱਚ ਸਿਹਤ ਮਾਪਦੰਡਾਂ ਦੇ ਮੁਤਾਬਕ ਇਲਾਜ ਕੀਤਾ ਜਾ ਰਿਹਾ ਹੈ। ਮੰਤਰਾਲੇ ਨੇ ਕਿਹਾ ਕਿ ਸਾਰੇ ਸਿਹਤ ਕੇਂਦਰ ਕੋਰੋਨਾਵਾਇਰਸ ਦੇ ਸ਼ੱਕੀ ਮਾਮਲਿਆਂ ਦੀ ਜਾਣਕਾਰੀ ਦੇਣਾ ਜਾਰੀ ਰੱਖਣਗੇ। ਬੀਤੇ ਹਫਤੇ ਵੁਹਾਨ ਤੋਂ ਛੁੱਟੀਆਂ ਮਨਾਉਣ ਦੁਬਈ ਆਏ ਇਕ ਪਰਿਵਾਰ ਦੇ 4 ਲੋਕਾਂ ਵਿਚ ਕੋਰੋਨਾਵਾਇਰਸ ਦਾ ਪਤਾ ਚੱਲਿਆ ਸੀ। 5ਵਾਂ ਮਰੀਜ਼ ਵੀ ਚੀਨ ਦੇ ਸ਼ਹਿਰ ਤੋਂ ਆਇਆ ਸੀ।


author

Vandana

Content Editor

Related News