ਯੂ.ਏ.ਈ. : ਇਸ ਖਾਸ ਤਕਨੀਕ ਨਾਲ ਰੇਗਿਸਤਾਨ 'ਚ ਉਗਾਏ ਜਾਣਗੇ ਫਲ-ਸਬਜੀਆਂ
Saturday, Sep 19, 2020 - 05:56 PM (IST)
ਦੁਬਈ (ਬਿਊਰੋ): ਰੇਤ ਨਾਲ ਘਿਰੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੂੰ ਇਕ ਵੱਡੀ ਸਫਲਤਾ ਹਾਸਲ ਹੋਈ ਹੈ। ਤਾਲਾਬੰਦੀ ਦੇ 40 ਦਿਨਾਂ ਵਿਚ ਇਕ ਪ੍ਰਯੋਗ ਦੇ ਦੌਰਾਨ ਯੂ.ਏ.ਈ. ਨੇ ਦੁਨੀਆ ਨੂੰ ਇਹ ਸਾਬਤ ਕਰ ਦਿੱਤਾ ਹੈਕਿ ਰੇਤ ਵਿਚ ਫਲ-ਸਬਜੀਆਂ ਦੀ ਖੇਤੀ ਕੀਤੀ ਜਾ ਸਕਦੀ ਹੈ। ਵਿਗਿਆਨੀਆਂ ਨੇ ਰੇਤ ਵਿਚ ਤਰਬੂਜ ਅਤੇ ਲੌਕੀ ਜਿਹੇ ਫਲ-ਸਬਜੀਆਂ ਉਗਾਈਆਂ ਹਨ।
ਰੇਤ ਨਾਲ ਘਿਰੇ ਹੋਣ ਕਾਰਨ ਯੂ.ਏ.ਈ. ਆਪਣੇ ਤਾਜ਼ਾ ਫਲ-ਸਬਜੀਆਂ ਦੀ 90 ਫੀਸਦੀ ਲੋੜ ਆਯਾਤ ਜ਼ਰੀਏ ਪੂਰੀ ਕਰਦਾ ਹੈ। ਪਰ ਹੁਣ ਯੂ.ਏ.ਈ. ਇਸ ਪ੍ਰਯੋਗ ਦੀ ਵੱਡੇ ਪੱਧਰ 'ਤੇ ਵਰਤੋਂ ਕਰ ਸਕਦਾ ਹੈ। ਇਸ ਨਾਲ ਯੂ.ਏ.ਈ. ਨੂੰ ਕਾਫੀ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ। ਅਸਲ ਵਿਚ ਤਰਲ ਨੈਨੋਕਲੇ ਮਤਲਬ ਕਿ ਗਿੱਲੀ ਚਿਕਨੀ ਮਿੱਟੀ ਦੇ ਢੰਗ ਦੀ ਵਰਤੋਂ ਕਰਕੇ ਇਹ ਸਫਲਤਾ ਹਾਸਲ ਕੀਤੀ ਗਈ ਹੈ। ਇਹ ਇਕ ਤਰ੍ਹਾਂ ਨਾਲ ਮਿੱਟੀ ਨੂੰ ਮੁੜ ਸੁਰਜੀਤ ਕਰਨ ਦਾ ਢੰਗ ਹੈ। ਇਸ ਨਾਲ ਪਾਣੀ ਦੀ ਵਰਤੋਂ ਵਿਚ 45 ਫੀਸਦੀ ਤੱਕ ਦੀ ਕਮੀ ਆਵੇਗੀ।
ਯੂ.ਏ.ਈ. ਨੇ ਐਲਾਨ ਕੀਤਾ ਹੈ ਕਿ ਉਹ ਇਸ ਢੰਗ ਦੀ ਵਰਤੋਂ ਕਰ ਕੇ ਇਕ ਫੈਕਟਰੀ ਲਗਾਏਗਾ ਅਤੇ ਇਸ ਦੀ ਕਾਰੋਬਾਰੀ ਵਰਤੋਂ ਸ਼ੁਰੂ ਕੀਤੀ ਜਾਵੇਗੀ। ਤਰਲ ਨੈਨੋਕਲੇ ਤਕਨੀਕ ਵਿਚ ਚਿਕਨੀ ਮਿੱਟੀ ਦੇ ਬਹੁਤ ਛੋਟੇ-ਛੋਟੇ ਕਣ ਦ੍ਰਵ ਦੇ ਰੂਪ ਵਿਚ ਵਰਤੇ ਜਾਂਦੇ ਹਨ। ਇਸ ਢੰਗ ਵਿਚ ਮਿੱਟੀ ਰਸਾਇਣ ਦੇ ਕੈਟਾਨਿਕ ਐਕਚਸੇਂਜ ਸਮਰੱਥਾ ਦੇ ਸਿਧਾਂਤ ਦੀ ਵਰਤੋਂ ਕੀਤੀ ਗਈ ਹੈ। ਰਸਾਇਣਿਕ ਬਣਾਵਟ ਦੇ ਕਾਰਨ ਚਿਕਨੀ ਮਿੱਟੀ ਦੇ ਕਣ ਵਿਚ ਨੈਗੇਟਿਵ ਚਾਰਜ ਹੁੰਦਾ ਹੈ ਪਰ ਰੇਤ ਦੇ ਕਣ ਵਿਚ ਪਾਜ਼ੇਟਿਵ ਚਾਰਜ ਹੁੰਦਾ ਹੈ। ਇਸ ਢੰਗ ਨੂੰ ਵਿਕਸਿਤ ਕਰਨ ਵਾਲੀ ਨਾਰਵੇ ਦੀ ਕੰਪਨੀ ਡੈਜ਼ਰਟ ਕੰਟਰੋਲ ਦੇ ਮੁੱਖ ਕਾਰਜਕਾਰੀ ਪ੍ਰਧਾਨ ਓਲੇ ਸਵਿਟਸਨ ਦਾ ਕਹਿਣਾ ਹੈ ਕਿ ਵਿਪਰੀਤ ਚਾਰਜ ਹੋਣ ਕਾਰਨ ਜਦੋਂ ਰੇਤ ਵਿਚ ਮਿੱਟੀ ਦਾ ਘੋਲ ਮਿਲਦਾ ਹੈ ਤਾਂ ਉਹ ਇਕ ਬਾਂਡ ਬਣਾ ਲੈਂਦੇ ਹਨ। ਇਸ ਬਾਂਡ ਨੂੰ ਜਦੋਂ ਪਾਣੀ ਮਿਲਦਾ ਹੈ ਤਾਂ ਉਸ ਦੇ ਪੋਸ਼ਕ ਤੱਤ ਇਸ ਦੇ ਨਾਲ ਚਿਪਕ ਜਾਂਦੇ ਹਨ। ਇਸ ਤਰ੍ਹਾਂ ਨਾਲ ਇਕ ਅਜਿਹੀ ਮਿੱਟੀ ਤਿਆਰ ਹੋ ਜਾਂਦੀ ਹੈ ਜਿਸ ਵਿਚ ਪਾਣੀ ਰੁੱਕਣ ਲੱਗਦਾ ਹੈ ਅਤੇ ਪੌਦੇ ਜੜ ਫੜਣ ਲੱਗਦੇ ਹਨ।
ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਤਾਈਵਾਨ ਵੱਲ ਭੇਜੇ ਹੋਰ ਲੜਾਕੂ ਜਹਾਜ਼
ਸਵਿਟਸਨ ਨੇ ਦੱਸਿਆ ਕਿ 40 ਵਰਗ ਫੁੱਟ ਦੇ ਸ਼ਿਪਿੰਗ ਕੰਟੇਨਰ ਵਿਚ ਤਰਲ ਨੈਨੋਕਲੇ ਦਾ ਪਲਾਂਟ ਲਗਾਇਆ ਜਾਵੇਗਾ। ਰੇਤ ਪ੍ਰਧਾਨ ਦੇਸ਼ ਵਿਚ ਇਸ ਤਰ੍ਹਾਂ ਦੇ ਕਈ ਕੰਟੇਨਰ ਲਗਾਏ ਜਾਣਗੇ ਤਾਂ ਜੋ ਉੱਥੋਂ ਦੀ ਸਥਾਨਕ ਮਿੱਟੀ ਵਿਚ ਉਸ ਦੇਸ਼ ਦੇ ਰੇਗਿਸਤਾਨ ਵਿਚ ਖੇਤੀ ਕੀਤੀ ਜਾ ਸਕੇ। ਇਸ ਢੰਗ ਦੀ ਵਰਤੋਂ ਜੇਕਰ ਇਕ ਵਰਗ ਕਿਲੋਮੀਟਰ ਜ਼ਮੀਨ 'ਤੇ ਕੀਤੀ ਜਾ ਰਹੀ ਹੈ ਤਾਂ ਇਸ ਦਾ ਖਰਚ ਦੋ ਡਾਲਰ ਮਤਲਬ ਕਰੀਬ 150 ਰੁਪਏ ਆਉਂਦਾ ਹੈ। ਉਂਝ ਤਾਂ ਇਹ ਤਕਨਾਲੋਜੀ 15 ਸਾਲ ਤੋਂ ਹੋਂਦ ਵਿਚ ਹੈ ਪਰ ਦੁਬਈ ਦੇ ਇੰਟਰਨੈਸ਼ਨਲ ਸੈਂਟਰ ਫੌਰ ਬਾਇਓ ਸਲਾਇਨ ਐਗਰੀਕਲਚਰ ਵਿਚ 12 ਮਹੀਨੇ ਤੋਂ ਇਸ 'ਤੇ ਪ੍ਰਯੋਗ ਹੋ ਰਿਹਾ ਹੈ।