ਤਾਲਿਬਾਨ ਨੇ ਹਿਰਾਸਤ ਲਏ UNHCR ਦੇ ਕਰਮਚਾਰੀਆਂ ਅਤੇ 2 ਵਿਦੇਸ਼ੀ ਪੱਤਰਕਾਰਾਂ ਨੂੰ ਕੀਤਾ ਰਿਹਾਅ
Saturday, Feb 12, 2022 - 06:27 PM (IST)
ਕਾਬੁਲ (ਭਾਸ਼ਾ) : ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨਰ (ਯੂ.ਐੱਨ.ਐੱਚ.ਸੀ.ਆਰ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਤਾਲਿਬਾਨ ਨੇ ਸ਼ਰਨਾਰਥੀ ਏਜੰਸੀ ਨਾਲ ਕੰਮ ਕਰ ਰਹੇ ਦੋ ਵਿਦੇਸ਼ੀ ਪੱਤਰਕਾਰਾਂ ਅਤੇ ਸਹਾਇਤਾ ਸੰਗਠਨ ਦੇ ਕਈ ਅਫ਼ਗਾਨ ਕਰਮਚਾਰੀਆਂ ਨੂੰ ਰਾਜਧਾਨੀ ਕਾਬਲ ਵਿਚ ਉਨ੍ਹਾਂ ਦੀ ਨਜ਼ਰਬੰਦੀ ਬਾਰੇ ਖ਼ਬਰਾਂ ਆਉਣ ਤੋਂ ਕੁੱਝ ਘੰਟਿਆ ਬਾਅਦ ਰਿਹਾਅ ਕਰ ਦਿੱਤਾ।
ਤਾਲਿਬਾਨ ਵੱਲੋਂ ਨਿਯੁਕਤ ਸੱਭਿਆਚਾਰ ਅਤੇ ਸੂਚਨਾ ਦੇ ਉਪ ਮੰਤਰੀ ਜ਼ਬੀਹੁੱਲ੍ਹਾ ਮੁਜਾਹਿਦ ਦੇ ਇਕ ਟਵੀਟ ਤੋਂ ਬਾਅਦ ਇਹ ਘੋਸ਼ਣਾ ਕੀਤੀ ਗਈ। ਮੁਜਾਹਿਦ ਨੇ ਕਿਹਾ ਕਿ ਉਨ੍ਹਾਂ ਨੂੰ ਹਿਰਾਸਤ ਵਿਚ ਇਸ ਲਈ ਲਿਆ ਗਿਆ ਸੀ, ਕਿਉਂਕਿ ਉਨ੍ਹਾਂ ਕੋਲ ਅਜਿਹੇ ਦਸਤਾਵੇਜ਼ ਨਹੀਂ ਸਨ ਜੋ ਉਨ੍ਹਾਂ ਦੇ UNHCR ਦੇ ਕਰਮਚਾਰੀ ਦੀ ਪੁਸ਼ਟੀ ਕਰਦੇ ਹੋਣ। ਮੁਜਾਹਿਦ ਨੇ ਕਿਹਾ ਕਿ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਜੇਨੇਵਾ ਸਥਿਤ ਸੰਗਠਨ ਨੇ ਇਕ ਸੰਖੇਪ ਬਿਆਨ ਵਿਚ ਕਿਹਾ, "ਸਾਨੂੰ UNHCR ਨਾਲ ਕੰਮ ਕਰ ਰਹੇ ਦੋ ਪੱਤਰਕਾਰਾਂ ਅਤੇ ਉਨ੍ਹਾਂ ਦੇ ਨਾਲ ਕੰਮ ਕਰ ਰਹੇ ਅਫਗਾਨ ਨਾਗਰਿਕਾਂ ਦੀ ਕਾਬੁਲ ਵਿਚ ਰਿਹਾਈ ਦੀ ਪੁਸ਼ਟੀ ਕਰਕੇ ਰਾਹਤ ਮਹਿਸੂਸ ਹੋਈ ਹੈ।" ਅਸੀਂ ਉਨ੍ਹਾਂ ਸਾਰਿਆਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਚਿੰਤਾ ਪ੍ਰਗਟ ਕੀਤੀ ਅਤੇ ਮਦਦ ਦੀ ਪੇਸ਼ਕਸ਼ ਕੀਤੀ। ਅਸੀਂ ਅਫਗਾਨਿਸਤਾਨ ਦੇ ਲੋਕਾਂ ਪ੍ਰਤੀ ਵਚਨਬੱਧ ਹਾਂ।'