ਯੂ. ਐੱਨ. 'ਚ ਸ਼ਾਂਤੀ ਸੁਰੱਖਿਆ ਮੁਹਿੰਮ ਦੇ ਜਨਰਲ ਸਕੱਤਰ ਭਾਰਤ ਸਮੇਤ 4 ਦੇਸ਼ਾਂ ਦਾ ਕਰਨਗੇ ਦੌਰਾ
Saturday, Jun 23, 2018 - 12:48 PM (IST)

ਨਿਊਯਾਰਕ— ਸੰਯੁਕਤ ਰਾਸ਼ਟਰ (ਯੂ. ਐੱਨ.) 'ਚ ਸ਼ਾਂਤੀ ਆਪਰੇਸ਼ਨ ਸ਼ਾਂਤੀ (ਸੁਰੱਖਿਆ ਮੁਹਿੰਮ ) ਦੇ ਅੰਡਰ ਜਨਰਲ ਸਕੱਤਰ ਜੀਨ ਪਿਅਰੇ ਲੈਕਰੋਇਕਸ ਭਾਰਤ ਸਮੇਤ 4 ਦੇਸ਼ਾਂ ਦੇ ਦੌਰੇ 'ਤੇ ਜਾ ਰਹੇ ਹਨ। ਉਹ 23 ਜੂਨ ਤੋਂ 3 ਜੁਲਾਈ ਤਕ ਬੰਗਲਾਦੇਸ਼, ਨੇਪਾਲ, ਭਾਰਤ ਅਤੇ ਪਾਕਿਸਤਾਨ ਦਾ ਦੌਰਾ ਕਰਨਗੇ। ਇਸ ਯਾਤਰਾ ਦੇ ਪਹਿਲੇ ਪੜਾਅ ਅਧੀਨ ਉਹ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਜਾਣਗੇ ਅਤੇ ਇੱਥੋਂ ਨੇਪਾਲ ਦੇ ਕਾਠਮੰਡੂ ਲਈ ਰਵਾਨਾ ਹੋਣਗੇ। ਉੱਥੋਂ ਉਹ ਦਿੱਲੀ ਪੁੱਜਣਗੇ ਅਤੇ ਭਾਰਤ ਦੌਰੇ ਮਗਰੋਂ ਪਾਕਿਸਤਾਨ ਦੇ ਇਸਲਾਮਾਬਾਦ ਜਾਣਗੇ।
ਇਕ ਸਰਕਾਰੀ ਰਿਪੋਰਟ ਅਧੀਨ ਇਸ ਸੰਬੰਧੀ ਜਾਣਕਾਰੀ ਮਿਲੀ ਹੈ। ਉਹ ਇਸ ਦੌਰੇ ਦੌਰਾਨ 4 ਦੇਸ਼ਾਂ (ਬੰਗਲਾਦੇਸ਼, ਨੇਪਾਲ, ਭਾਰਤ ਅਤੇ ਪਾਕਿਸਤਾਨ) ਦੇ ਅਣਮੁੱਲੇ ਸਹਿਯੋਗ ਦਾ ਧੰਨਵਾਦ ਕਰਨਗੇ। ਇਸ ਦੇ ਨਾਲ ਹੀ ਉਹ ਸ਼ਾਂਤੀ ਆਪਰੇਸ਼ਨ ਨੂੰ ਬਣਾਏ ਰੱਖਣ ਲਈ ਅਗਲੀਆਂ ਯੋਜਨਾਵਾਂ 'ਤੇ ਕੰਮ ਕਰਨ ਲਈ ਗੱਲਬਾਤ ਕਰਨਗੇ। ਆਪਣੇ ਵਿਦੇਸ਼ ਦੌਰੇ ਦੌਰਾਨ ਉਹ ਸਰਕਾਰਾਂ ਦੇ ਮੁਖੀਆਂ ਤੋਂ ਇਲਾਵਾ ਫੌਜੀ ਅਤੇ ਪੁਲਸ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ।
ਤੁਹਾਨੂੰ ਦੱਸ ਦਈਏ ਕਿ ਭਾਰਤ ਦਾ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ 'ਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਮੁੰਹਿਮ 'ਚ ਭਾਰਤ ਦੇ ਲਗਭਗ 6,712 ਕਰਮਚਾਰੀ ਤਕਰੀਬਨ 9 ਸ਼ਾਂਤੀ ਰੱਖਿਅਕ ਮੁਹਿੰਮਾਂ 'ਚ ਤਾਇਨਾਤ ਹਨ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤੇਰਸ ਵੀ ਭਾਰਤ ਦੇ ਯੋਗਦਾਨ ਦਾ ਜ਼ਿਕਰ ਕਰ ਚੁੱਕੇ ਹਨ।