ਯੂ.ਐਨ. ''ਚ ਟਰੰਪ ਨੂੰ ਕਰਨਾ ਪੈ ਸਕਦੈ ਈਰਾਨ ਦੇ ਸਵਾਲਾਂ ਦਾ ਸਾਹਮਣਾ

09/23/2019 3:36:32 PM

ਨਿਊਯਾਰਕ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇਸ ਵਾਰ ਸੰਯੁਕਤ ਰਾਸ਼ਟਰ (ਯੂ.ਐਨ) ਮਹਾਸਭਾ ਦਾ ਸਾਲਾਨਾ ਸੈਸ਼ਨ ਸੌਖਾ ਨਹੀਂ ਹੋਣ ਜਾ ਰਿਹਾ। ਉਨ੍ਹਾਂ ਨੂੰ ਈਰਾਨ ਨੂੰ ਲੈ ਕੇ ਉਭਰੇ ਮੌਜੂਦਾ ਸੰਕਟ, ਚੀਨ ਦੇ ਨਾਲ ਕਾਰੋਬਾਰੀ ਜੰਗ ਅਤੇ ਯੁਕਰੇਨ ਸਣੇ ਕਈ ਮਸਲਿਆਂ 'ਤੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰੰਪ ਮੰਗਲਵਾਰ ਨੂੰ ਮਹਾਸਭਾ ਨੂੰ ਸੰਬੋਧਿਤ ਕਰਨਗੇ। ਟਰੰਪ ਆਪਣੀ ਵਿਦੇਸ਼ ਨੀਤੀ ਦੇ ਮੋਰਚੇ 'ਤੇ ਅਮਰੀਕਾ ਫਰਸਟ ਨੂੰ ਮਹੱਤਵ ਦਿੰਦੇ ਹੋਏ ਕਈ ਕੌਮਾਂਤਰੀ ਸਮਝੌਤਿਆਂ ਨਾਲ ਅਮਰੀਕਾ ਨੂੰ ਵੱਖ ਕਰ ਚੁੱਕੇ ਹਨ। ਉਨ੍ਹਾਂ ਨੇ ਪਿਛਲੇ ਸਾਲ ਮਈ ਵਿਚ ਈਰਾਨ ਦੇ ਨਾਲ ਹੋਏ ਪ੍ਰਮਾਣੂੰ ਸਮਝੌਤੇ ਨਾਲ ਅਮਰੀਕਾ ਦੇ ਵੱਖ ਹੋਣ ਦਾ ਐਲਾਨ ਕੀਤਾ ਸੀ। ਇਹ ਸਮਝੌਤਾ ਈਰਾਨ ਨੇ 2015 ਵਿਚ ਅਮਰੀਕਾ ਸਣੇ ਦੁਨੀਆ ਦੇ 6 ਤਾਕਤਵਰ ਦੇਸ਼ਾਂ ਦੇ ਨਾਲ ਕੀਤਾ ਸੀ। ਇਸ ਕਦਮ 'ਤੇ ਅਮਰੀਕਾ ਦੇ ਕਈ ਸਹਿਯੋਗੀਆਂ ਨੇ ਅਸਹਿਮਤੀ ਜ਼ਾਹਿਰ ਕੀਤੀ ਸੀ। ਇਹ ਸਮਝੌਤਾ ਖਤਮ ਹੋਣ ਤੋਂ ਬਾਅਦ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਡੂੰਘਾ ਰਿਹਾ ਹੈ। ਹਾਲ ਹੀ ਵਿਚ ਸਾਊਦੀ ਅਰਬ ਦੇ ਦੋ ਤੇਲ ਪਲਾਂਟਾਂ 'ਤੇ ਹੋਏ ਹਮਲਿਆਂ ਲਈ ਈਰਾਨ ਨੂੰ ਹੀ ਜ਼ਿੰਮੇਵਾਰ ਕਰਾਰ ਦਿੱਤਾ ਗਿਆ ਹੈ। ਇਸ ਦੇ ਚੱਲਦੇ ਖਾੜੀ ਖੇਤਰ ਵਿਚ ਤਣਾਅ ਵਧ ਗਿਆ ਹੈ। ਟਰੰਪ ਹਾਲਾਂਕਿ ਈਰਾਨ ਦੇ ਨਾਲ ਤਣਾਅ ਘੱਟ ਕਰਨ ਦੇ ਸੰਕੇਤ ਵੀ ਦੇ ਚੁੱਕੇ ਹਨ। ਸੰਯੁਕਤ ਰਾਸ਼ਟਰ ਮਹਾਸਭਾ ਵਿਚ ਹਿੱਸਾ ਲੈਣ ਲਈ ਐਤਵਾਰ ਨੂੰ ਨਿਊਯਾਰਕ ਪਹੁੰਚਣ 'ਤੇ ਟਰੰਪ ਨੇ ਕਿਹਾ ਕਿ ਸਭ ਕੁਝ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਈਰਾਨ ਮਸਲੇ 'ਤੇ ਦੁਨੀਆ ਦੇ ਸਾਹਮਣੇ ਆਪਣੀ ਗੱਲ ਰੱਖਣਗੇ।


Sunny Mehra

Content Editor

Related News