ਯੂ. ਐੱਨ. ਨੇ ਅਫਗਾਨਿਸਤਾਨ ’ਚ ਮਨੁੱਖੀ ਸੰਕਟ ਦੀ ਦਿੱਤੀ ਚਿਤਾਵਨੀ
Thursday, Jul 15, 2021 - 01:40 PM (IST)
ਮੁੰਬਈ (ਬਿਊਰੋ)– ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ (ਯੂ. ਐੱਨ. ਐੱਚ. ਸੀ. ਆਰ.) ਨੇ ਅਫਗਾਨਿਸਤਾਨ ’ਚ ਇਕ ਮਨੁੱਖੀ ਸੰਕਟ ਦੀ ਚਿਤਾਵਨੀ ਦਿੱਤੀ ਹੈ ਕਿਉਂਕਿ ਵਧਦੇ ਸੰਘਰਸ਼ ਨਾਲ ਮਨੁੱਖੀ ਪੀੜਾ ਤੇ ਲੋਕਾਂ ਦੇ ਉਜਾੜੇ ’ਚ ਲਗਾਤਾਰ ਵਾਧਾ ਹੋਇਆ ਹੈ। ਯੂ. ਐੱਨ. ਐੱਚ. ਸੀ. ਆਰ. ਦੇ ਬੁਲਾਰੇ ਬਾਬਰ ਬਲੂਚ ਨੇ ਕਿਹਾ ਕਿ ਜਨਵਰੀ 2021 ਤੋਂ ਬਾਅਦ ਤੋਂ ਅਨੁਮਾਨਿਤ ਰੂਪ ਨਾਲ 2 ਲੱਖ 70 ਹਜ਼ਾਰ ਅਫਗਾਨ ਦੇਸ਼ ਦੇ ਅੰਦਰ ਨਵੇਂ ਉਜਾੜੇ ਹੋਏ ਹਨ। ਮੁੱਖ ਰੂਪ ਨਾਲ ਅਸੁਰੱਖਿਆ ਤੇ ਹਿੰਸਾ ਦੇ ਕਾਰਨ ਕੁਲ ਉਖਾੜੀ ਗਈ ਆਬਾਦੀ 35 ਲੱਖ ਤੋਂ ਵੱਧ ਹੋ ਗਈ ਹੈ।
ਹਾਲ ਦੇ ਹਫਤਿਆਂ ’ਚ ਆਪਣੇ ਘਰਾਂ ਤੋਂ ਭੱਜਣ ਲਈ ਮਜਬੂਰ ਪਰਿਵਾਰਾਂ ਨੇ ਸੁਰੱਖਿਆ ਦੀ ਵਿਗੜਦੀ ਸਥਿਤੀ ਨੂੰ ਆਪਣੀ ਉਡਾਨ ਦਾ ਮੁੱਖ ਕਾਰਨ ਦੱਸਿਆ।
ਬਲੂਚ ਨੇ ਕਿਹਾ ਕਿ ਚੱਲ ਰਹੀ ਲੜਾਈ ਤੋਂ ਇਲਾਵਾ ਉਜਾੜੇ ਗਏ ਨਾਗਰਿਕਾਂ ਨੇ ਯੂ. ਐੱਨ. ਐੱਚ ਸੀ. ਆਰ. ਤੇ ਸਹਿਯੋਗੀਆਂ ਨੂੰ ਗੈਰ-ਰਾਜ ਹਥਿਆਰਬੰਦ ਸਮੂਹਾਂ ਵਲੋਂ ਜਬਰਨ ਰਿਕਵਰੀ ਦੀਆਂ ਘਟਨਾਵਾਂ ਤੇ ਮੁੱਖ ਸੜਕਾਂ ’ਤੇ ਅਸੁਰੱਖਿਅਤ ਵਿਸਫੋਟਕ ਉਪਕਰਨਾਂ ਦੀ ਮੌਜੂਦਗੀ ਬਾਰੇ ਦੱਸਿਆ ਹੈ।
ਕਈ ਲੋਕਾਂ ਨੇ ਸਮਾਜਿਕ ਸੇਵਾਵਾਂ ’ਚ ਰੁਕਾਵਟ ਤੇ ਵਧਦੀ ਅਸੁਰੱਖਿਆ ਕਾਰਨ ਆਮਦਨ ਦੇ ਨੁਕਸਾਨ ਦੀ ਸੂਚਨਾ ਦਿੱਤੀ ਹੈ।
ਅਫਗਾਨਿਸਤਾਨ ’ਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਮੁਤਾਬਕ 2020 ਦੀ ਤੁਲਨਾ ’ਚ ਇਸ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਨਾਗਰਿਕਾਂ ਦੇ ਕਤਲ ਦੀ ਗਿਣਤੀ 29 ਫੀਸਦੀ ਵੱਧ ਗਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।