ਹੜ੍ਹ ਪ੍ਰਭਾਵਿਤ ਪਾਕਿਸਤਾਨ ਦੇ ਦੌਰੇ ''ਤੇ ਪਹੁੰਚੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਗੁਤਾਰੇਸ

Friday, Sep 09, 2022 - 04:50 PM (IST)

ਹੜ੍ਹ ਪ੍ਰਭਾਵਿਤ ਪਾਕਿਸਤਾਨ ਦੇ ਦੌਰੇ ''ਤੇ ਪਹੁੰਚੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਗੁਤਾਰੇਸ

ਇਸਲਾਮਾਬਾਦ (ਭਾਸ਼ਾ)- ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਆ ਗੁਤਾਰੇਸ ਨੇ ਸ਼ੁੱਕਰਵਾਰ ਨੂੰ ਦੁਨੀਆ ਨੂੰ ਪਾਕਿਸਤਾਨ ਦੀ ਮਦਦ ਕਰਨ ਦੀ ਅਪੀਲ ਕੀਤੀ। ਦੱਖਣੀ ਏਸ਼ੀਆਈ ਦੇਸ਼ ਭਿਆਨਕ ਹੜ੍ਹਾਂ ਨਾਲ ਜੂਝ ਰਿਹਾ ਹੈ, ਜਿਸ ਵਿਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਪਾਕਿਸਤਾਨ ਦੀ ਗੰਭੀਰ ਸਥਿਤੀ ਦਰਮਿਆਨ ਜਨਰਲ ਸਕੱਤਰ ਗੁਤਾਰੇਸ ਇਕਮੁੱਠਤਾ ਵਿਖਾਉਣ ਲਈ ਸ਼ੁੱਕਰਵਾਰ ਨੂੰ ਦੋ ਦਿਨਾਂ ਦੇ ਦੌਰੇ 'ਤੇ ਪਾਕਿਸਤਾਨ ਪਹੁੰਚੇ ਹਨ। ਆਪਣੀ ਫੇਰੀ ਤੋਂ ਦੋ ਹਫ਼ਤੇ ਪਹਿਲਾਂ ਉਨ੍ਹਾਂ ਨੇ ਪਾਕਿਸਤਾਨ ਵਿੱਚ ਅਚਾਨਕ ਮੀਂਹ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ 16 ਕਰੋੜ ਡਾਲਰ ਐਮਰਜੈਂਸੀ ਫੰਡ ਦੀ ਅਪੀਲ ਕੀਤੀ ਸੀ। ਜੂਨ ਤੋਂ ਹੁਣ ਤੱਕ ਇਸ ਹੜ੍ਹ ਵਿੱਚ ਕਰੀਬ 1350 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਪਾਕਿਸਤਾਨ ਦਾ ਇਕ ਤਿਹਾਈ ਹਿੱਸਾ ਪਾਣੀ ਵਿੱਚ ਡੁੱਬਿਆ ਹੋਇਆ ਹੈ।

ਗੁਤਾਰੇਸ ਨੇ ਦੇਸ਼ ਪਹੁੰਚਣ ਤੋਂ ਬਾਅਦ ਟਵੀਟ ਕੀਤਾ, "ਮੈਂ ਇਥੇ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਪਾਕਿਸਤਾਨੀ ਲੋਕਾਂ ਨਾਲ ਆਪਣੀ ਡੂੰਘੀ ਇਕਜੁੱਟਤਾ ਪ੍ਰਗਟ ਕਰਨ ਲਈ ਪਾਕਿਸਤਾਨ ਪਹੁੰਚਿਆ ਹਾਂ।" “ਮੈਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੱਡੀ ਮਦਦ ਦੀ ਅਪੀਲ ਕਰਦਾ ਹਾਂ।'' ਗੁਤਾਰੇਸ ਦੀ ਅਗਵਾਈ ਉੱਪ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਕੀਤੀ ਅਤੇ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨਾਲ ਵੀ ਮੁਲਾਕਾਤ ਕਰਨਗੇ। ਵਿਦੇਸ਼ ਦਫ਼ਤਰ ਦੇ ਬੁਲਾਰੇ ਆਸੀਮ ਇਫ਼ਤਿਖ਼ਾਰ ਮੁਤਾਬਕ ਉਹ ਰਾਸ਼ਟਰੀ ਹੜ੍ਹ ਪ੍ਰਤੀਕਿਰਿਆ ਅਤੇ ਕੋਆਰਡੀਨੇਸ਼ਨ ਸੈਂਟਰ (ਐੱਨ. ਐੱਫ਼. ਆਰ. ਸੀ. ਸੀ) ਦਾ ਵੀ ਦੌਰਾ ਕਰਨਗੇ ਅਤੇ ਪ੍ਰਧਾਨ ਮੰਤਰੀ ਸ਼ਰੀਫ਼ ਨਾਲ ਇਕ ਸਾਂਝੀ ਪ੍ਰੈਸ ਕਾਨਫ਼ਰੰਸ ਵੀ ਕਰਨਗੇ। ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਨਾਲ ਗੱਲਬਾਤ ਵੀ ਕਰਨਗੇ। 

ਇਹ ਵੀ ਪੜ੍ਹੋ: ਇਸ 19 ਸਾਲਾ ਕੁੜੀ ਨੇ ਪਹਿਲਾਂ ਹੀ ਕਰ ਦਿੱਤੀ ਸੀ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਦੀ ਭਵਿੱਖਬਾਣੀ!

ਗੁਤਾਰੇਸ ਹੜ੍ਹਾਂ ਨਾਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਬਲੋਚਿਸਤਾਨ ਅਤੇ ਸਿੰਧ ਦੇ ਇਲਾਕਿਆਂ ਦਾ ਦੌਰਾ ਕਰਨਗੇ, ਜਿੱਥੇ ਉਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰਨਗੇ। ਪਾਕਿਸਤਾਨ ਦੇ ਵੱਡੇ ਇਲਾਕੇ ਪਾਣੀ ਵਿੱਚ ਡੁੱਬ ਗਏ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਸਰਕਾਰ ਦਾ ਕਹਿਣਾ ਹੈ ਕਿ 3.3 ਕਰੋੜ ਤੋਂ ਵੱਧ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਹੜ੍ਹ ਕਾਰਨ 10 ਅਰਬ ਡਾਲਰ ਤੋਂ ਵੱਧ ਦਾ ਆਰਥਿਕ ਨੁਕਸਾਨ ਹੋਇਆ ਹੈ। ਇਫ਼ਤਿਖ਼ਾਰ ਨੇ ਕਿਹਾ ਕਿ ਪਾਕਿਸਤਾਨੀ ਸਰਕਾਰ ਗੁਤਾਰੇਸ ਦੇ ਇਸ ਦੌਰੇ ਦੀ ਵਰਤੋਂ ਦੇਸ਼ ਨੂੰ ਦਰਪੇਸ਼ ਪੁਨਰ ਨਿਰਮਾਣ ਅਤੇ ਪੁਨਰਵਾਸ ਦੀ ਵੱਡੀ ਚੁਣੌਤੀ ਤੋਂ ਦੁਨੀਆ ਨੂੰ ਜਾਣੂੰ ਕਰਵਾਉਣ ਲਈ ਕਰਨਾ ਚਾਹੁੰਦੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News