ਅਸਫਲ ਰਿਹਾ ''ਟਾਈਮ ਫਾਰ ਐਕਸ਼ਨ'' ਨਾਅਰਾ, ਜਲਵਾਯੂ ਸੰਕਟ ਦਾ ਨਹੀਂ ਨਿਕਲਿਆ ਹੱਲ

Sunday, Dec 15, 2019 - 02:46 PM (IST)

ਅਸਫਲ ਰਿਹਾ ''ਟਾਈਮ ਫਾਰ ਐਕਸ਼ਨ'' ਨਾਅਰਾ, ਜਲਵਾਯੂ ਸੰਕਟ ਦਾ ਨਹੀਂ ਨਿਕਲਿਆ ਹੱਲ

ਮੈਡਰਿਡ— ਸਪੇਨ ਦੇ ਮੈਡਰਿਡ 'ਚ ਵਾਤਾਵਰਣ 'ਤੇ ਜਾਰੀ ਸੰਯੁਕਤ ਰਾਸ਼ਟਰ ਦਾ ਸਿਖਰ ਸੰਮੇਲਨ ਇਕ ਵਾਰ ਫਿਰ ਬਿਨਾਂ ਕਿਸੇ ਠੋਸ ਨਤੀਜੇ ਦੇ ਐਤਵਾਰ ਨੂੰ ਖਤਮ ਹੋ ਗਿਆ। ਦੇਸ਼ਾਂ ਵਿਚਕਾਰ ਚੱਲੀ ਲੰਬੀ ਗੱਲਬਾਤ 'ਚ 'ਗਲੋਬਲ ਵਾਰਮਿੰਗ ਐਮਰਜੈਂਸੀ' ਨੂੰ ਟਾਲਣ ਦੀ ਯੋਜਨਾ ਬਣਾਉਣ 'ਤੇ ਅਮਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਪਹਿਲਾਂ ਤੋਂ ਕਿਤੇ ਵਧੇਰੇ ਮਤਭੇਦ ਨਜ਼ਰ ਆਏ।
ਗੱਲਬਾਤ ਖਤਮ ਹੋਣ ਦੀ ਤੈਅ ਸੀਮਾ ਦੇ 36 ਘੰਟੇ ਬਾਅਦ ਪ੍ਰਤੀਨਿਧੀ ਵਿਵਾਦਤ ਮੁੱਦਿਆਂ 'ਤੇ ਸਮਝੌਤੇ ਦੇ ਨੇੜੇ ਸੀ। ਇਨ੍ਹਾਂ 'ਚੋਂ ਇਕ ਮੁੱਦਾ ਸੀ ਕਿ ਜਲਵਾਯੂ ਪਰਿਵਰਤਨ ਨਾਲ ਲੜਨ ਲਈ ਹਰੇਕ ਰਾਸ਼ਟਰ ਆਪਣੀ ਯੋਜਨਾ ਨੂੰ ਲੈ ਕੇ ਕਿੰਨਾ ਕੁ ਉਤਸ਼ਾਹੀ ਹੈ।

ਵਿਗਿਆਨ ਰਾਹੀਂ ਮਿਲ ਰਹੀਆਂ ਚਿਤਾਵਨੀਆਂ, ਜਲਵਾਯੂ ਪਰਿਵਰਤਨ ਕਾਰਨ ਪੈਦਾ ਹੋਈਆਂ ਗੰਭੀਰ ਮੌਸਮੀ ਸਥਿਤੀਆਂ ਅਤੇ ਲੱਖਾਂ ਨੌਜਵਾਨਾਂ ਵਲੋਂ ਕੀਤੀਆਂ ਜਾ ਰਹੀਆਂ ਹਫਤਾਵਰ ਹੜਤਾਲਾਂ ਵਿਚਕਾਰ ਮੈਡਰਿਡ ਵਿਖੇ ਹੋਈ ਗੱਲਬਾਤ 'ਤੇ ਕਾਫੀ ਦਬਾਅ ਸੀ ਕਿ ਉਹ ਸਾਫ ਸੰਕੇਤ ਦੇਣ ਕਿ ਸਰਕਾਰਾਂ ਇਸ ਸੰਕਟ ਨਾਲ ਨਜਿੱਠਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਨ ਦੀਆਂ ਇਛੁੱਕ ਹਨ ਪਰ ਜਲਵਾਯੂ ਸਬੰਧੀ ਆਫਤਾਂ ਦੀ ਮਾਰ ਪਹਿਲਾਂ ਤੋਂ ਝੱਲ ਰਹੇ ਰਾਸ਼ਟਰਾਂ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਮੈਡਰਿਡ ਦਾ ਕਾਪ 25 ਆਪਣੀ ਹੀ ਨਾਅਰੇ 'ਟਾਈਮ ਫਾਰ ਐਕਸ਼ਨ' 'ਚ ਅਸਫਲ ਰਿਹਾ। ਗ੍ਰੇਨੇਡਾ ਦੇ ਰਾਜਦੂਤ ਸਿਮੋਨ ਸਟੀਲ ਨੇ ਕਿਹਾ,''ਅਸੀਂ ਪੈਰਿਸ ਸਮਝੌਤੇ 'ਚ ਮੌਜੂਦ ਪ੍ਰਬੰਧਾਂ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ''
ਜ਼ਿਕਰਯੋਗ ਹੈ ਕਿ ਮੈਡਰਿਡ 'ਚ ਤਕਰੀਬਨ 200 ਰਾਸ਼ਟਰਾਂ ਦੇ ਪ੍ਰਤੀਨਿਧੀ 2015 'ਚ ਹੋਏ ਪੈਰਿਸ ਸਮਝੌਤੇ ਲਈ ਨਿਯਮ ਪੁਸਤਕ ਨੂੰ ਆਖਰੀ ਰੂਪ ਦੇਣ ਲਈ ਇਕੱਠੇ ਹੋਏ ਸਨ। ਇਸ 'ਤੇ ਅਗਲੇ ਸਾਲ ਤੋਂ ਅਮਲ ਕਰਨਾ ਹੈ ਅਤੇ ਅਜਿਹੀ ਉਮੀਦ ਕੀਤੀ ਜਾ ਰਹੀ ਸੀ ਕਿ ਕਾਪ 25 ਦੁਨੀਆ ਨੂੰ ਦਿਖਾਏਗਾ ਕਿ ਸਰਕਾਰਾਂ ਨੇ ਆਪਣੀਆਂ ਕੋਸ਼ਿਸ਼ਾਂ ਨੂੰ ਦੋਗੁਣਾ ਕਰਨ ਦੇ ਲਿਹਾਜ ਨਾਲ ਹਫਤਿਆਂ ਤੋਂ ਚੱਲੇ ਪ੍ਰਦਰਸ਼ਨਾਂ ਅਤੇ ਮੌਸਮੀ ਸਥਿਤੀਆਂ ਨੂੰ ਧਿਆਨ 'ਚ ਰੱਖਿਆ ਹੈ।


Related News