ਗਲਾਸਗੋ ''ਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਦੀ ਰਸਮੀ ਤੌਰ ''ਤੇ ਸ਼ੁਰੂਆਤ
Sunday, Oct 31, 2021 - 05:09 PM (IST)
ਗਲਾਸਗੋ (ਏਪੀ)- ਸਕਾਟਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਗਲਾਸਗੋ ਵਿੱਚ ਐਤਵਾਰ ਨੂੰ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਦੀ ਰਸਮੀ ਸ਼ੁਰੂਆਤ ਹੋਈ। ਇਸ ਤੋਂ ਇੱਕ ਦਿਨ ਪਹਿਲਾਂ ਦੁਨੀਆ ਭਰ ਦੇ ਨੇਤਾ ਗਲੋਬਲ ਵਾਰਮਿੰਗ ਦੀ ਸਾਂਝੀ ਚੁਣੌਤੀ ਨਾਲ ਨਜਿੱਠਣ ਬਾਰੇ ਵਿਚਾਰ ਵਟਾਂਦਰੇ ਲਈ ਇਕੱਠੇ ਹੋਏ ਸਨ। ਮੀਟਿੰਗ ਵਿੱਚ ਲਗਭਗ 200 ਦੇਸ਼ਾਂ ਦੇ ਵਾਰਤਾਕਾਰ 2015 ਦੇ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਅਦ ਪੈਂਡਿੰਗ ਮੁੱਦਿਆਂ 'ਤੇ ਚਰਚਾ ਕਰਨਗੇ ਅਤੇ ਇਸ ਸਦੀ ਵਿੱਚ ਗਲੋਬਲ ਤਾਪਮਾਨ ਨੂੰ 1.5 ਡਿਗਰੀ ਸੈਲਸੀਅਸ (2.7 ਫਾਰਨਹੀਟ) ਤੋਂ ਵੱਧਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਦੇ ਤਰੀਕੇ ਲੱਭਣਗੇ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਫਰਾਂਸ ਦੀ ਰਾਜਧਾਨੀ ਵਿਚ ਛੇ ਸਾਲ ਪਹਿਲਾਂ ਜਿਸ ਟੀਚੇ 'ਤੇ ਸਹਿਮਤੀ ਬਣੀ ਸੀ, ਉਸ ਨੂੰ ਹਾਸਲ ਕਰਨ ਦੀ ਸੰਭਾਵਨਾ ਹੌਲੀ-ਹੌਲੀ ਖ਼ਤਮ ਹੋ ਰਹੀ ਹੈ। ਵਿਸ਼ਵ ਦਾ ਤਾਪਮਾਨ ਪਹਿਲਾਂ ਹੀ 1.1 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਾ ਹੈ ਅਤੇ ਮੌਜੂਦਾ ਅਨੁਮਾਨਾਂ ਮੁਤਾਬਕ ਇਹ ਸਾਲ 2100 ਤੱਕ 2.7 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਗਲੋਬਲ ਵਾਰਮਿੰਗ ਵਧਣ ਨਾਲ ਧਰਤੀ ਦੀ ਬਰਫ਼ ਪਿਘਲ ਜਾਵੇਗੀ, ਜਿਸ ਨਾਲ ਗਲੋਬਲ ਸਮੁੰਦਰ ਦਾ ਪੱਧਰ ਵਧੇਗਾ। ਇਸ ਕਾਰਨ ਮੌਸਮ ਸਬੰਧੀ ਗੰਭੀਰ ਘਟਨਾਵਾਂ ਦੀ ਸੰਭਾਵਨਾ ਹੋਰ ਵੱਧ ਜਾਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਕੋਪ 26 ਵਿਸ਼ਵ ਲਈ 'ਗਲੋਬਲ ਵਾਰਮਿੰਗ' ਵਿਰੁੱਧ ਲੜਾਈ ਦਾ ਮਹੱਤਵਪੂਰਨ ਮੌਕਾ : ਬੋਰਿਸ ਜਾਨਸਨ
31 ਅਕਤੂਬਰ ਤੋਂ 12 ਨਵੰਬਰ ਤੱਕ ਚੱਲਣ ਵਾਲੀ ਇਸ ਕਾਨਫਰੰਸ ਦੌਰਾਨ ਦਹਾਕਿਆਂ ਤੋਂ ਏਜੰਡੇ 'ਤੇ ਰਹੇ ਕਈ ਮੁੱਦਿਆਂ 'ਤੇ ਚਰਚਾ ਕੀਤੀ ਜਾਣੀ ਹੈ। ਇੱਕ ਮੁੱਦਾ ਇਹ ਵੀ ਹੈ ਕਿ ਅਮੀਰ ਦੇਸ਼ ਗਰੀਬ ਦੇਸ਼ਾਂ ਦੀ ਨਿਕਾਸੀ ਘਟਾਉਣ ਵਿੱਚ ਕਿਵੇਂ ਮਦਦ ਕਰ ਸਕਦੇ ਹਨ। ਕਾਰਵਾਈ ਦੀ ਧੀਮੀ ਰਫ਼ਤਾਰ ਨੇ ਬਹੁਤ ਸਾਰੇ ਵਾਤਾਵਰਣ ਪ੍ਰਚਾਰਕਾਂ ਨੂੰ ਨਾਰਾਜ਼ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਸਿਖਰ ਸੰਮੇਲਨ ਦੌਰਾਨ ਜ਼ੋਰਦਾਰ ਅਤੇ ਉਸਾਰੂ ਢੰਗ ਨਾਲ ਆਪਣਾ ਵਿਰੋਧ ਪ੍ਰਗਟ ਕਰਨਗੇ। ਕਾਨਫਰੰਸ ਦੇ ਪਹਿਲੇ ਦਿਨ ਪ੍ਰਕਿਰਿਆ ਸੰਬੰਧੀ ਮੁੱਦਿਆਂ 'ਤੇ ਧਿਆਨ ਦੇਣ ਦੀ ਉਮੀਦ ਹੈ।