ਯੂਕ੍ਰੇਨੀ ਹਮਲੇ ''ਚ ਰੂਸੀ ਪਣਡੁੱਬੀ ਡੁੱਬੀ, ਕਈ ਇਮਾਰਤਾਂ ਨੁਕਸਾਨੀਆਂ
Sunday, Aug 04, 2024 - 08:46 PM (IST)
ਕੀਵ : ਯੂਕ੍ਰੇਨ ਨੇ ਪਿਛਲੇ 24 ਘੰਟਿਆਂ ਵਿਚ ਲੰਬੀ ਦੂਰੀ ਦੇ ਹਮਲਿਆਂ ਨੂੰ ਤੇਜ਼ ਕੀਤਾ, ਇੱਕ ਰੂਸੀ ਪਣਡੁੱਬੀ ਨੂੰ ਡੁੱਬਣ ਅਤੇ ਇਸਦੀ ਇੱਕ ਹਵਾਈ ਪੱਟੀ ਨੂੰ ਨਿਸ਼ਾਨਾ ਬਣਾਇਆ, ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ। ਇਸ ਦੌਰਾਨ ਇੱਕ ਔਰਤ ਦੀ ਮੌਤ ਵੀ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੂਸ ਨੇ ਕਿਹਾ ਕਿ ਯੂਕ੍ਰੇਨੀ ਡਰੋਨ ਨੇ ਇਕ ਅਪਾਰਟਮੈਂਟ ਬਿਲਡਿੰਗ 'ਤੇ ਵੀ ਹਮਲਾ ਕੀਤਾ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।
ਜੁਲਾਈ ਤੋਂ ਹਮਲਿਆਂ ਵਿੱਚ ਵਾਧਾ ਉਦੋਂ ਹੋਇਆ ਹੈ ਜਦੋਂ ਯੂਕ੍ਰੇਨ ਆਪਣੇ ਸਹਿਯੋਗੀਆਂ ਨੂੰ ਰੂਸੀ ਟੀਚਿਆਂ 'ਤੇ ਹਮਲਾ ਕਰਨ ਲਈ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਲਈ ਦਬਾਅ ਪਾ ਰਿਹਾ ਹੈ। ਪੱਛਮੀ ਸਹਿਯੋਗੀ, ਖਾਸ ਤੌਰ 'ਤੇ ਅਮਰੀਕਾ, ਨੇ ਹੁਣ ਤੱਕ ਮਾਸਕੋ ਨਾਲ ਤਣਾਅ ਵਧਣ ਦੇ ਡਰੋਂ ਇਜਾਜ਼ਤ ਦੇਣ ਦਾ ਵਿਰੋਧ ਕੀਤਾ ਹੈ। ਜਨਰਲ ਸਟਾਫ਼ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ, ਯੂਕ੍ਰੇਨ ਨੇ ਮਾਸਕੋ ਦੇ ਕਬਜ਼ੇ ਵਾਲੇ ਕ੍ਰੀਮੀਆ ਪ੍ਰਾਇਦੀਪ ਵਿਚ ਇੱਕ ਰੂਸੀ ਕਿਲੋ-ਸ਼੍ਰੇਣੀ ਦੀ ਪਣਡੁੱਬੀ ਤੇ ਇੱਕ S-400 ਐਂਟੀ-ਏਅਰਕ੍ਰਾਫਟ ਮਿਜ਼ਾਈਲ ਕੰਪਲੈਕਸ 'ਤੇ ਹਮਲਾ ਕੀਤਾ। ਹਵਾਈ ਰੱਖਿਆ ਪ੍ਰਣਾਲੀ ਦੀ ਸਥਾਪਨਾ 'ਕਰਚ ਸਟ੍ਰੇਟ ਬ੍ਰਿਜ' ਦੀ ਸੁਰੱਖਿਆ ਲਈ ਕੀਤੀ ਗਈ ਸੀ, ਜੋ ਕਿ ਰੂਸੀ ਫੌਜ ਨੂੰ ਸਪਲਾਈ ਕਰਨ ਵਾਲੇ ਇੱਕ ਮਹੱਤਵਪੂਰਨ ਲੌਜਿਸਟਿਕਸ ਅਤੇ ਟ੍ਰਾਂਸਪੋਰਟੇਸ਼ਨ ਹੱਬ ਹੈ।
ਬਿਆਨ ਮੁਤਾਬਕ ਜਲ ਸੈਨਾ ਨੇ 'ਮਿਜ਼ਾਈਲ ਫੋਰਸ' ਦੀਆਂ ਕਈ ਯੂਨਿਟਾਂ ਦੇ ਨਾਲ 'ਟਰਾਇੰਫ' ਹਵਾਈ ਰੱਖਿਆ ਪ੍ਰਣਾਲੀ ਦੇ ਚਾਰ ਲਾਂਚਰਾਂ ਨੂੰ ਨੁਕਸਾਨ ਪਹੁੰਚਾਇਆ, ਜਦੋਂ ਕਿ ਸੇਵਾਸਤੋਪੋਲ ਬੰਦਰਗਾਹ ਵਿੱਚ 'ਰੋਸਟੋਵ-ਆਨ-ਡੌਨ' (ਰੂਸੀ ਬਲੈਕ ਸੀ ਫਲੀਟ ਦੀ ਇੱਕ ਪਣਡੁੱਬੀ) ਨੂੰ ਨੁਕਸਾਨ ਪਹੁੰਚਾਇਆ ਅਤੇ ਇਸਨੂੰ ਡੁੱਬਾ ਦਿੱਤਾ। ਜਨਰਲ ਸਟਾਫ ਨੇ ਇਸ ਦੀ ਵੀ ਪੁਸ਼ਟੀ ਕੀਤੀ ਕਿ ਯੂਕ੍ਰੇਨੀ ਫੌਜ ਨੇ ਰੂਸ 'ਤੇ ਵੱਡੇ ਪੈਮਾਨੇ 'ਤੇ ਡਰੋਨ ਹਮਲੇ ਤੋਂ ਬਾਅਦ ਰੋਸਤੋਵ ਖੇਤਰ ਵਿਚ ਮੋਰੋਜੋਵਸਕ ਹਵਾਈ ਪੱਟੀ 'ਤੇ ਹਮਲਾ ਕੀਤਾ। ਗੋਲਾ ਬਾਰੂਦ ਦੇ ਗੋਦਾਮਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਥੇ ਹਵਾਈ ਹਮਲੇ ਵਿਚ ਵਰਤੋਂ ਹੋਣ ਵਾਲੇ ਟਾਰਗੇਟ ਬੰਬ ਰੱਖੇ ਗਏ ਸਨ।
ਬਿਆਨ ਵਿਚ ਕਿਹਾ ਗਿਆ ਕਿ ਇਹ ਮੁਹਿੰਮ ਯੂਕ੍ਰੇਨ ਦੀ ਸੁਰੱਖਿਆ ਸੇਵਾ, ਮੁੱਖ ਖੂਫੀਆ ਮੁੱਖ ਦਫਤਰ ਤੇ ਰੱਖਿਆ ਮੰਤਰਾਲਾ ਵੱਲੋਂ ਚਲਾਇਆ ਗਿਆ। ਇਸ ਵਿਚਾਲੇ ਬੇਲਗੋਰੋਦ ਦੇ ਗਵਰਨਰ ਵਯਾਚੇਸਲਾਵ ਗਲੈਡਕੋਵ ਨੇ ਕਿਹਾ ਕਿ ਐਤਵਾਰ ਤੜਕੇ ਸ਼ੇਬੇਕਿਨੋ ਸ਼ਹਿਰ ਵਿਚ ਇਕ ਅਪਾਰਟਮੈਂਟ 'ਤੇ ਯੂਕ੍ਰੇਨੀ ਡਰੋਨ ਹਮਲੇ ਵਿਚ ਇਕ ਔਰਤ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਯੂਕ੍ਰੇਨੀ ਹਮਲੇ ਵਿਚ ਸ਼ਹਿਰ ਦੀਆਂ ਕਈ ਇਮਾਰਤਾਂ ਨੁਕਸਾਨੀਆਂ ਗਈਆਂ।