ਰੂਸੀ ਹਮਲੇ 'ਚ ਯੂਕ੍ਰੇਨ ਦੇ ਸਭ ਤੋਂ ਵੱਡੇ ਕਾਰੋਬਾਰੀ ਦੀ ਮੌਤ, ਕਹਾਉਂਦਾ ਸੀ Grain Tycoon
Monday, Aug 01, 2022 - 01:14 PM (IST)
ਕੀਵ (ਬਿਊਰੋ) ਯੂਕ੍ਰੇਨ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਵਿੱਚੋਂ ਇੱਕ ਓਲੇਕਸੀ ਵਦਾਤੁਰਸਕੀ ਆਪਣੀ ਪਤਨੀ ਸਮੇਤ ਮਾਈਕੋਲਾਈਵ ਸ਼ਹਿਰ ਵਿੱਚ ਇੱਕ ਰੂਸੀ ਗੋਲੀਬਾਰੀ ਵਿੱਚ ਮਾਰਿਆ ਗਿਆ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਇੱਕ ਬਿਆਨ ਦੇ ਅਨੁਸਾਰ ਅਨਾਜ ਵਪਾਰੀ ਓਲੇਕਸੀ ਵਦਾਤੁਰਸਕੀ ਅਤੇ ਉਸਦੀ ਪਤਨੀ ਰਾਇਸਾ ਹਮਲੇ ਵਿੱਚ ਮਾਰੇ ਗਏ ਹਨ। ਵਦਾਤੁਰਸਕੀ ਯੂਕ੍ਰੇਨ ਦੀ ਸਭ ਤੋਂ ਵੱਡੀ ਅਨਾਜ ਉਤਪਾਦਕ ਅਤੇ ਨਿਰਯਾਤ ਕੰਪਨੀ ਨਿਬੁਲੋਨ ਦਾ ਸੰਸਥਾਪਕ ਸੀ।
ਉੱਧਰ ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਖ਼ਤਮ ਹੁੰਦੀ ਨਜ਼ਰ ਨਹੀਂ ਆ ਰਹੀ। ਸਮਾਂ ਬੀਤਣ ਦੇ ਨਾਲ ਯੂਕ੍ਰੇਨ 'ਤੇ ਰੂਸ ਦੇ ਹਮਲੇ ਵੀ ਵਧਦੇ ਜਾ ਰਹੇ ਹਨ। ਇਸ ਜੰਗ ਨੇ ਦੁਨੀਆ ਭਰ ਦੀ ਖੁਰਾਕ ਸੁਰੱਖਿਆ ਨੂੰ ਪ੍ਰਭਾਵਿਤ ਕੀਤਾ ਹੈ। ਇਸ ਸਬੰਧ 'ਚ ਯੂਕ੍ਰੇਨ ਤੋਂ ਅਨਾਜ ਦੀ ਬਰਾਮਦ 'ਤੇ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ। ਜਿਸ ਤੋਂ ਬਾਅਦ ਯੂਕ੍ਰੇਨ ਤੋਂ ਅਨਾਜ ਬਰਾਮਦ ਕਰਨ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ ਪਰ ਇਸ ਦੌਰਾਨ ਰੂਸ ਨੇ ਯੂਕ੍ਰੇਨ ਦੇ ਦੱਖਣੀ ਸ਼ਹਿਰ ਮਾਈਕੋਲਾਈਵ 'ਤੇ ਭਾਰੀ ਬੰਬਾਰੀ ਕੀਤੀ। ਐਤਵਾਰ ਨੂੰ ਹੋਏ ਬੰਬ ਧਮਾਕੇ ਵਿੱਚ ਦੇਸ਼ ਦੇ ਸਭ ਤੋਂ ਵੱਡੇ ਅਨਾਜ ਉਤਪਾਦਕ ਅਤੇ ਨਿਰਯਾਤਕਾਂ ਵਿੱਚੋਂ ਇੱਕ ਓਲੇਕਸੀ ਵਦਾਤੁਰਸਕੀ ਅਤੇ ਉਸਦੀ ਪਤਨੀ ਦੀ ਮੌਤ ਹੋ ਗਈ। ਮਾਈਕੋਲਾਈਵ ਦੇ ਗਵਰਨਰ ਵਿਟਾਲੀ ਕਿਮ ਨੇ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- 7 ਹਜ਼ਾਰ ਤੋਂ ਵਧੇਰੇ ਟਿਊਨੀਸ਼ੀਅਨ ਪ੍ਰਵਾਸੀ ਗੈਰ-ਕਾਨੂੰਨੀ ਤਰੀਕੇ ਨਾਲ ਇਟਲੀ ਦੇ ਤੱਟਾਂ 'ਤੇ ਪਹੁੰਚੇ
ਸੀ.ਐਨ.ਐਨ. ਦੀ ਇੱਕ ਰਿਪੋਰਟ ਦੇ ਅਨੁਸਾਰ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ 74 ਸਾਲਾ ਓਲੇਕਸੀ ਵਦਾਤੁਰਸਕੀ ਅਤੇ ਉਸਦੀ ਪਤਨੀ ਰਾਇਸਾ ਰਾਤ ਨੂੰ ਆਪਣੇ ਘਰ 'ਤੇ ਹੋਏ ਇੱਕ ਮਿਜ਼ਾਈਲ ਹਮਲੇ ਵਿੱਚ ਮਾਰੇ ਗਏ। ਰਾਸ਼ਟਰਪਤੀ ਜ਼ੇਲੇਂਸਕੀ ਨੇ ਵਦਾਤੁਰਸਕੀ ਦੀ ਮੌਤ ਨੂੰ ਦੇਸ਼ ਲਈ ਸਭ ਤੋਂ ਵੱਡਾ ਘਾਟਾ ਦੱਸਿਆ ਹੈ। ਜ਼ੇਲੇਂਸਕੀ ਨੇ ਕਿਹਾ ਕਿ ਕਾਰੋਬਾਰੀ ਦੀ ਮੌਤ ਮਾਈਕੋਲਾਈਵ ਅਤੇ ਸਮੁੱਚੇ ਯੂਕ੍ਰੇਨ ਲਈ ਬਹੁਤ ਵੱਡਾ ਘਾਟਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਆਪਣੇ ਕਰੀਅਰ ਦੇ 50 ਸਾਲਾਂ ਤੋਂ ਵੱਧ ਸਮੇਂ ਵਿੱਚ ਓਲੇਕਸੀ ਵਦਾਤੁਰਸਕੀ ਨੇ ਖੇਤਰ ਦੇ ਵਿਕਾਸ ਅਤੇ ਯੂਕ੍ਰੇਨ ਦੇ ਖੇਤੀਬਾੜੀ ਅਤੇ ਜਹਾਜ਼ ਨਿਰਮਾਣ ਉਦਯੋਗਾਂ ਦੇ ਵਿਕਾਸ ਵਿੱਚ ਇੱਕ ਵੱਡਮੁੱਲਾ ਯੋਗਦਾਨ ਪਾਇਆ ਹੈ।
ਰਾਸ਼ਟਰਪਤੀ ਜ਼ੇਲੇਂਸਕੀ ਦੇ ਦਫਤਰ ਦੇ ਸਲਾਹਕਾਰ ਮਾਈਖਾਈਲੋ ਪੋਡੋਲਿਕ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰੂਸ ਨੇ ਜਾਣਬੁੱਝ ਕੇ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ ਹੈ। ਪੋਡੋਲਿਕ ਨੇ ਕਿਹਾ ਕਿ ਮਿਜ਼ਾਈਲ ਸਿੱਧੇ ਕਾਰੋਬਾਰੀ ਦੇ ਬੈੱਡਰੂਮ 'ਚ ਲੱਗੀ। ਉਨ੍ਹਾਂ ਮੁਤਾਬਕ ਇਹ ਹਮਲਾ ਰੂਸ ਦੇ ਉੱਚ ਅਧਿਕਾਰੀਆਂ ਵੱਲੋਂ ਪਹਿਲਾਂ ਤੋਂ ਹੀ ਯੋਜਨਾਬੱਧ ਕੀਤਾ ਗਿਆ ਸੀ। ਵਦਾਤੁਰਸਕੀ ਨੇ ਅਨਾਜ ਦੇ ਨਿਰਯਾਤ ਲਈ ਕਈ ਸਟੋਰੇਜ ਸਹੂਲਤਾਂ ਅਤੇ ਹੋਰ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ।ਮਾਈਕੋਲਾਈਵ ਦੇ ਮੇਅਰ ਓਲੇਕਸੈਂਡਰ ਸੇਨਕੇਵਿਚ ਨੇ ਦਾਅਵਾ ਕੀਤਾ ਕਿ ਕਲੱਸਟਰ ਹਥਿਆਰਾਂ ਦੇ ਹਮਲੇ ਵਿੱਚ ਸ਼ਹਿਰ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਉਸ ਨੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਹਮਲਾ ਦੱਸਿਆ। ਹਮਲੇ ਵਿੱਚ ਇੱਕ ਹੋਟਲ, ਇੱਕ ਸਪੋਰਟਸ ਕੰਪਲੈਕਸ, ਦੋ ਸਕੂਲ ਅਤੇ ਇੱਕ ਸਰਵਿਸ ਸਟੇਸ਼ਨ ਦੇ ਨਾਲ-ਨਾਲ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇੱਥੇ ਦੱਸ ਦਈਏ ਕਿ ਮਾਈਕੋਲਾਈਵ ਯੂਕ੍ਰੇਨ ਦੀ ਸਭ ਤੋਂ ਵੱਡੀ ਬੰਦਰਗਾਹ ਓਡੇਸਾ ਦੀ ਮੁੱਖ ਸੜਕ 'ਤੇ ਸਥਿਤ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।