ਬ੍ਰਿਟੇਨ ਈ. ਯੂ. ਨਾਲ ਵਪਾਰ ਡੀਲ ਚਾਹੁੰਦੈ ਪਰ ਕਿਸੇ ਕੀਮਤ 'ਤੇ ਨਹੀਂ : ਜਾਨਸਨ

Tuesday, Dec 15, 2020 - 09:30 PM (IST)

ਬ੍ਰਿਟੇਨ ਈ. ਯੂ. ਨਾਲ ਵਪਾਰ ਡੀਲ ਚਾਹੁੰਦੈ ਪਰ ਕਿਸੇ ਕੀਮਤ 'ਤੇ ਨਹੀਂ : ਜਾਨਸਨ

ਲੰਡਨ— ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਮੰਗਲਵਾਰ ਨੂੰ ਆਪਣੇ ਮੰਤਰੀ ਮੰਡਲ ਨੂੰ ਕਿਹਾ ਕਿ ਯੂ. ਕੇ. ਯੂਰਪੀ ਸੰਘ (ਈ. ਯੂ.) ਨਾਲ ਵਪਾਰ ਸਮਝੌਤਾ (ਡੀਲ) ਚਾਹੁੰਦਾ ਹੈ ਪਰ ਕਿਸੇ ਵੀ ਕੀਮਤ 'ਤੇ ਨਹੀਂ। ਪੀ. ਐੱਮ. ਦੇ ਬੁਲਾਰੇ ਨੇ ਕਿਹਾ ਕਿ ਜਾਨਸਨ ਨੇ ਸੀਨੀਅਰ ਮੰਤਰੀਆਂ ਨੂੰ ਇਹ ਵੀ ਦੱਸਿਆ ਕਿ ਵਾਰਤਾ ਅਜੇ ਵੀ ਬਿਨਾਂ ਸਮਝੌਤੇ ਦੇ ਸਮਾਪਤ ਹੋਣ ਦੀ ਸੰਭਾਵਨਾ ਹੈ।

ਬ੍ਰਿਟੇਨ-ਈ. ਯੂ. ਦੇ ਅਧਿਕਾਰੀ 31 ਦਸੰਬਰ ਤੱਕ ਵਪਾਰ ਸਮਝੌਤੇ 'ਤੇ ਸਹਿਮਤ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਕੋਈ ਡੀਲ ਨਾ ਹੋਈ ਤਾਂ ਯੂ. ਕੇ ਅਤੇ ਯੂਰਪੀ ਸੰਘ ਵਿਸ਼ਵ ਵਪਾਰ ਸੰਗਠਨ (ਡਬਲਿਊ. ਟੀ. ਓ.) ਦੇ ਵਪਾਰ ਨਿਯਮਾਂ ਤਹਿਤ ਵਪਾਰ ਕਰਨਗੇ। ਇਸ ਦੇ ਫਲਸਰੂਪ ਦੋਹਾਂ ਪਾਸਿਓਂ ਦਰਾਮਦ ਸਾਮਾਨਾਂ 'ਤੇ ਟੈਰਿਫ, ਟੈਕਸ ਲਾਗੂ ਹੋ ਜਾਣਗੇ, ਜਿਸ ਨਾਲ ਇਨ੍ਹਾਂ ਦੀਆਂ ਕੀਮਤਾਂ 'ਚ ਵਾਧਾ ਹੋਵੇਗਾ।

ਇਸ ਵਿਚਕਾਰ ਹਾਊਸ ਆਫ਼ ਲਾਰਡਜ਼ ਦੇ ਇਕ ਮੈਂਬਰ ਨੇ ਸਰਵਿਸਿਜ਼ ਇੰਡਸਟਰੀ 'ਤੇ 'ਨੋ-ਡੀਲ ਬ੍ਰੈਗਿਜ਼ਟ' ਦੇ ਹੋਣ ਵਾਲੇ ਨਤੀਜਿਆਂ 'ਤੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਬਹੁਤ ਬੁਰਾ ਅਸਰ ਹੋਵੇਗਾ। ਨਿਕੋਲਸ ਲੇ ਪੋਇਰ ਟ੍ਰੈਂਚ ਨੇ ਮੰਗਲਵਾਰ ਨੂੰ ਕਿਹਾ, ''ਸੇਵਾਵਾਂ ਸਾਡੀ ਜੀ. ਡੀ. ਪੀ. ਦਾ 80 ਫ਼ੀਸਦੀ ਹਨ ਅਤੇ ਯੂਰਪ ਨਾਲ ਸਾਡੀਆਂ ਸੇਵਾਵਾਂ ਦਾ ਵਪਾਰ ਸਾਡੀਆਂ ਸੇਵਾਵਾਂ ਵਪਾਰ ਦਾ 51 ਫ਼ੀਸਦੀ ਹੈ। ਯੂਰਪ ਸਾਡੀਆਂ ਸੇਵਾਵਾਂ ਲਈ ਬਹੁਤ ਮਹੱਤਵਪੂਰਨ ਬਾਜ਼ਾਰ ਹੈ। ਸਭ ਤੋਂ ਮਹੱਤਵਪੂਰਨ।''

ਈ. ਯੂ. ਅਤੇ ਯੂ. ਕੇ. ਵਿਚਕਾਰ ਕਈ ਮੁੱਦੇ ਹਨ, ਜਿਨ੍ਹਾਂ ਨੂੰ ਲੈ ਕੇ ਸਹਿਮਤੀ ਨਹੀਂ ਬਣ ਰਹੀ, ਜਿਵੇਂ ਕਿ ਫਿਸ਼ਿੰਗ ਵਾਟਰਜ਼ ਨੂੰ ਲੈ ਕੇ, ਈ. ਯੂ. ਚਾਹੁੰਦਾ ਹੈ ਕਿ ਉਸ ਨੂੰ ਬ੍ਰਿਟੇਨ ਦੇ ਪਾਣੀ 'ਚ ਪਹੁੰਚ ਪਹਿਲਾਂ ਦੀ ਤਰ੍ਹਾਂ ਮਿਲਦੀ ਰਹੇ। ਯੂ. ਕੇ. ਇਸ 'ਤੇ 1 ਜਨਵਰੀ ਤੋਂ ਜ਼ਿਆਦਾ ਅਧਿਕਾਰ ਚਾਹੁੰਦਾ ਹੈ ਪਰ ਜੇਕਰ ਫਿਸ਼ਿੰਗ ਵਾਟਰਜ਼ 'ਤੇ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਯੂ. ਕੇ. ਨੂੰ ਬਿਨਾਂ ਟੈਰਿਫਾਂ ਜਾਂ ਟੈਕਸਾਂ ਦੇ ਈ. ਯੂ. ਬਾਜ਼ਾਰ 'ਚ ਪੂਰੀ ਪਹੁੰਚ ਨਹੀਂ ਮਿਲੇਗੀ। ਪਿਛਲੇ ਸਾਲ ਯੂ. ਕੇ. ਦੇ ਮੱਛੀ ਦੀ ਬਰਾਮਦ ਦਾ ਲਗਭਗ ਤਿੰਨ ਤਿਹਾਈ ਹਿੱਸਾ ਯੂਰਪੀਅਨ ਯੂਨੀਅਨ ਨੂੰ ਗਿਆ ਸੀ।


author

Sanjeev

Content Editor

Related News