ਕੋਰੋਨਾਵਾਇਰਸ ਦੇ ਡਰੋਂ ਸਮੂਹਿਕ ਸਮਾਗਮਾਂ ''ਤੇ ਪਾਬੰਦੀ ਲਾ ਸਕਦੀ ਹੈ ਬ੍ਰਿਟੇਨ ਸਰਕਾਰ
Saturday, Mar 14, 2020 - 03:54 PM (IST)

ਲੰਡਨ- ਕੋਰੋਨਾਵਾਇਰਸ ਨੂੰ ਲੈ ਕੇ ਬ੍ਰਿਟੇਨ ਸਰਕਾਰ ਸਖਤ ਕਦਮ ਚੁੱਕ ਸਕਦੀ ਹੈ। ਬ੍ਰਿਟੇਨ ਨੇ ਸੰਕੇਤ ਦਿੱਤੇ ਹਨ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਅਗਲੇ ਹਫਤੇ ਤੋਂ ਇਥੇ ਹੋਣ ਵਾਲੇ ਸਮਾਗਮਾਂ 'ਤੇ ਪਾਬੰਦੀ ਲਾਈ ਜਾ ਸਕਦੀ ਹੈ। ਸਰਕਾਰ ਦੇ ਮੁੱਖ ਵਿਗਿਆਨੀ ਸਲਾਹਕਾਰ ਤੇ ਮੁੱਖ ਸਿਹਤ ਸਲਾਹਕਾਰ ਇਸ 'ਤੇ ਯੋਜਨਾ ਬਣਾ ਰਹੇ ਹਨ। ਦੇਸ਼ਭਰ ਵਿਚ ਪਹਿਲਾਂ ਤੋਂ ਹੀ ਕਈ ਪ੍ਰਮੁੱਖ ਖੇਡ ਤੇ ਸੰਸਕ੍ਰਿਤਿਕ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕੋਰੋਨਾਵਾਇਰਸ ਨੇ ਤਕਰੀਬਨ 129 ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਤੇ 1,30,000 ਤੋਂ ਵਧੇਰੇ ਮਾਮਲਿਆਂ ਦੇ ਅਜੇ ਤੱਕ ਪੁਸ਼ਟੀ ਹੋ ਚੁੱਕੀ ਹੈ।
ਇਸ ਮਹਾਮਾਰੀ ਕਾਰਨ ਬ੍ਰਿਟੇਨ ਵਿਚ 11 ਲੋਕਾਂ ਦੀ ਮੌਤ ਤੇ ਕੁੱਲ 798 ਮਾਮਲੇ ਸਾਹਮਣੇ ਆ ਚੁੱਕੇ ਹਨ। ਸੂਤਰਾਂ ਨੇ ਕਿਹਾ ਕਿ ਇਹਨਾਂ ਸਾਰੇ ਉਪਾਅਵਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਸਰਕਾਰ ਵਿਚਾਰ ਕਰ ਰਹੀ ਹੈ। ਸਾਬਕਾ ਸਿਹਤ ਸਕੱਤਰ ਜੇਰੇਮੀ ਹੰਟ ਨੇ ਪਹਿਲਾਂ ਦੇ ਫੈਸਲੇ ਦੇ ਬਾਰੇ ਵਿਚ ਦੱਸਦੇ ਹੋਏ ਕਿਹਾ ਕਿ ਵੱਡੇ ਸਮਾਗਮਾਂ ਨੂੰ ਰੱਦ ਕਰਨ ਦੇ ਸਰਕਾਰ ਦੇ ਫੈਸਲੇ 'ਤੇ ਪਹਿਲਾਂ ਸਵਾਲ ਚੁੱਕੇ ਗਏ ਸਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਮਈ ਵਿਚ ਸਥਾਨਕ ਤੇ ਮੇਅਰ ਚੋਣਾਂ ਮਈ 2021 ਤੱਕ ਇਕ ਸਾਲ ਲਈ ਟਾਲੀਆਂ ਜਾ ਰਹੀਆਂ ਹਨ।
ਇਸੇ ਵਿਚਾਲੇ ਕੋਰੋਨਾਵਾਇਰਸ ਕਾਰਨ ਅਮਰੀਕਾ ਨੇ ਆਪਣੇ ਦੇਸ਼ ਵਿਚ ਐਮਰਜੰਸੀ ਐਲਾਨ ਕਰ ਦਿੱਤੀ ਹੈ। ਸਾਊਦੀ ਅਰਬ ਨੇ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਰੋਕਣ ਦੀ ਗੱਲ ਕਹੀ ਹੈ। ਖਾੜੀ ਦੇਸ਼ਾਂ ਨੇ ਮਹਾਮਾਰੀ ਨੂੰ ਰੋਕਣ ਦੇ ਲਈ ਸਖਤ ਕਦਮ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਖਾੜੀ ਦੇਸ਼ਾਂ ਵਿਚ ਵੀ ਸਭ ਤੋਂ ਵਧੇਰੇ ਚਿੰਤਾ ਦਾ ਵਿਸ਼ਾ ਈਰਾਨ ਵਿਚ ਹੈ, ਜਿਥੇ ਕੋਰੋਨਾਵਾਇਰਸ ਕਾਰਨ 11 ਹਜ਼ਾਰ ਤੋਂ ਵਧੇਰੇ ਲੋਕ ਪ੍ਰਭਾਵਿਤ ਹੋਏ ਹਨ ਤੇ ਮਰਨ ਵਾਲਿਆਂ ਦੀ ਗਿਣਤੀ ਵੀ 500 ਤੋਂ ਪਾਰ ਹੋ ਗਈ ਹੈ।