ਯੂ. ਕੇ. : ਬਰਫਬਾਰੀ ਕਾਰਨ ਬੰਦ ਹੋਏ ਕਈ ਕੋਰੋਨਾ ਟੀਕਾ ਕੇਂਦਰ
Monday, Feb 08, 2021 - 02:20 PM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਇਸ ਸਾਲ ਯੂ. ਕੇ. ਦੇ ਕਈ ਖੇਤਰ ਭਾਰੀ ਬਰਫਬਾਰੀ ਦਾ ਸਾਹਮਣਾ ਕਰ ਰਹੇ ਹਨ। ਇਸ ਬਰਫਬਾਰੀ ਨੇ ਤਾਪਮਾਨ ਵਿਚ ਗਿਰਾਵਟ ਦੇ ਨਾਲ ਰੋਜ਼ਮਰਾ ਦੀ ਜ਼ਿੰਦਗੀ ਵੀ ਪ੍ਰਭਾਵਿਤ ਕੀਤੀ ਹੈ। ਇੰਨਾ ਹੀ ਨਹੀਂ ਯੂ. ਕੇ. ਦੇ ਕਈ ਭਾਗਾਂ ਵਿਚ ਪਈ ਬਰਫ ਕਾਰਨ ਚੱਲ ਰਹੀ ਟੀਕਾਕਰਨ ਪ੍ਰਕਿਰਿਆ ਵੀ ਪ੍ਰਭਾਵਿਤ ਹੋਈ ਹੈ, ਜਿਸ ਦੇ ਮੱਦੇਨਜ਼ਰ ਇੰਗਲੈਂਡ ਦੇ ਪੂਰਬ ਵਿਚ ਕਈ ਟੀਕਾਕਰਨ ਕੇਂਦਰ ਬੰਦ ਕਰਨੇ ਪਏ ਹਨ।
ਇੰਗਲੈਂਡ ਦੇ ਪੂਰਬ ਅਤੇ ਦੱਖਣ-ਪੂਰਬ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਐਤਵਾਰ ਨੂੰ ਤਕਰੀਬਨ ਅੱਠ ਕੇਂਦਰ ਐਸਸੇਕਸ ਅਤੇ ਸੁਫੋਕ ਵਿੱਚ ਪ੍ਰਭਾਵਿਤ ਹੋਏ ਹਨ। ਇਪਸਵਿਚ ਵਿਚ ਦੋ ਸਾਈਟਾਂ ਬੰਦ ਹੋ ਗਈਆਂ ਅਤੇ ਸੁਫੋਕ ਵਿੱਚ ਕਈ ਟੈਸਟਿੰਗ ਸੈਂਟਰ ਵੀ ਬੰਦ ਹੋਏ। ਇਸ ਦੇ ਨਾਲ ਹੀ ਐਸੇਕਸ ਪਾਰਟਨਰਸ਼ਿਪ ਯੂਨੀਵਰਸਿਟੀ ਐੱਨ. ਐੱਚ. ਐੱਸ. ਫਾਉਂਡੇਸ਼ਨ ਟਰੱਸਟ ਨੇ ਵੀ ਇਪਸਵਿਚ ਦੇ ਗੈਨਸਬਰੋ ਸਪੋਰਟਸ ਸੈਂਟਰ ਅਤੇ ਕੋਲਚੇਸਟਰ ਦੇ ਜਾਬ ਸਾਈਜ਼ਰ ਕਮਿਊਨਿਟੀ ਸਟੇਡੀਅਮ ਵਿਖੇ ਆਪਣੀਆਂ ਸਾਈਟਾਂ 'ਤੇ ਟੀਕਾਕਰਨ ਦਾ ਕੰਮ ਸਮਾਪਤ ਕੀਤਾ ਹੈ।
ਇਪਸਵਿਚ ਵਿਚ ਟ੍ਰਿਨਿਟੀ ਪਾਰਕ, ਵੁੱਡਬ੍ਰਿਜ ਕਮਿਊਨਿਟੀ ਹਾਲ, ਡੈਬੇਨਹੈਮ ਕਮਿਊਨਿਟੀ ਸੈਂਟਰ ਅਤੇ ਦ ਮਿਕਸ ਇਨ ਸਟੋਅ ਮਾਰਕੀਟ ਆਦਿ ਕੇਂਦਰ ਦੁਪਹਿਰ ਦੇ ਸਮੇਂ ਬੰਦ ਹੋ ਗਏ ਸਨ। ਇਸ ਦੇ ਇਲਾਵਾ ਲੱਛਣ ਨਾ ਪ੍ਰਦਰਸ਼ਿਤ ਕਰਨ ਵਾਲੇ ਲੋਕਾਂ ਲਈ ਇਪਸਵਿਚ ਵਿਚ ਬੂਰੀ ਸੇਂਟ ਐਡਮੰਡਸ, ਲੋਵਸਟੌਫਟ ਅਤੇ ਸੁਫੋਕ ਯੂਨੀਵਰਸਿਟੀ ਵਿਚ ਵੀ ਟੈਸਟਿੰਗ ਸੈਂਟਰ ਵੀ ਬੰਦ ਕਰ ਦਿੱਤੇ ਗਏ ਹਨ।
ਟੀਕਾਕਰਨ ਪ੍ਰਬੰਧਕਾਂ ਅਨੁਸਾਰ ਇਸ ਅਸੁਵਿਧਾ ਕਾਰਨ ਜਿਹਨਾਂ ਦਾ ਟੀਕਾ ਰੱਦ ਹੋਇਆ ਹੈ, ਉਨ੍ਹਾਂ ਨਾਲ ਦੁਬਾਰਾ ਸੰਪਰਕ ਕੀਤਾ ਜਾਵੇਗਾ। ਅਧਿਕਾਰੀਆਂ ਅਨੁਸਾਰ ਖ਼ਰਾਬ ਮੌਸਮ ਕਰਕੇ ਗੈਸ, ਟੈਲੀਫੋਨ ਜਾਂ ਮੋਬਾਈਲ ਫੋਨ ਸੇਵਾਵਾਂ ਵਿੱਚ ਵਿਘਨ ਪੈਣਾ ਸੰਭਾਵਤ ਹੈ ਅਤੇ ਇਹ ਮੌਸਮ ਐਸੇਕਸ, ਨੋਰਫੋਕ, ਸੁਫੋਕ, ਕੈਂਟ ਅਤੇ ਮੈਡਵੇ ਦੇ ਕੁੱਝ ਹਿੱਸੇ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਦੇ ਕਿ ਸੋਮਵਾਰ ਤੱਕ ਖਰਾਬ ਰਹਿਣ ਦੀ ਉਮੀਦ ਹੈ। ਇਸੇ ਦੌਰਾਨ, ਪਬਲਿਕ ਹੈਲਥ ਇੰਗਲੈਂਡ (ਪੀ ਐਚ ਈ) ਨੇ ਬੁੱਧਵਾਰ ਸ਼ਾਮ ਤੱਕ ਪੂਰੇ ਦੇਸ਼ ਲਈ ਠੰਡੇ ਮੌਸਮ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ।