ਯੂ. ਕੇ. : ਕੋਰੋਨਾ ਵਾਇਰਸ ਦਾ ਪਹਿਲਾ ਟੀਕਾ ਲਗਵਾਉਣ ਵਾਲੀ ਬੀਬੀ ਨੂੰ ਲੱਗਾ ਦੂਜਾ ਟੀਕਾ

Wednesday, Dec 30, 2020 - 09:18 PM (IST)

ਯੂ. ਕੇ. : ਕੋਰੋਨਾ ਵਾਇਰਸ ਦਾ ਪਹਿਲਾ ਟੀਕਾ ਲਗਵਾਉਣ ਵਾਲੀ ਬੀਬੀ ਨੂੰ ਲੱਗਾ ਦੂਜਾ ਟੀਕਾ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦੁਨੀਆ ਭਰ 'ਚੋਂ ਯੂ. ਕੇ. ਵਿਚ ਸਭ ਤੋਂ ਪਹਿਲਾਂ ਇਸ ਬੀਮਾਰੀ ਨੂੰ ਕਾਬੂ ਕਰਨ ਲਈ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਇਸ ਪ੍ਰਕਿਰਿਆ ਵਿਚ ਸਭ ਤੋਂ ਪਹਿਲਾਂ ਇਕ 91 ਸਾਲਾ ਬਜ਼ੁਰਗ ਬੀਬੀ ਮਾਰਗਰੇਟ ਕੀਨਨ ਨੇ 8 ਦਸੰਬਰ ਨੂੰ ਫਾਈਜ਼ਰ ਕੰਪਨੀ ਦਾ ਟੀਕਾ ਲਗਵਾਇਆ ਸੀ। ਇਸ ਹੀ ਟੀਕਾਕਰਨ ਦੀ ਪ੍ਰਕਿਰਿਆ ਦੇ ਅਗਲੇ ਪੜਾਅ ਵਿਚ ਤਿੰਨ ਹਫ਼ਤੇ ਬਾਅਦ ਇਸ ਬੀਬੀ ਮਾਰਗਰੇਟ ਕੀਨਨ ਨੂੰ ਮੰਗਲਵਾਰ ਦੇ ਦਿਨ ਕੋਵੈਂਟਰੀ ਦੇ ਯੂਨੀਵਰਸਿਟੀ ਹਸਪਤਾਲ ਵਿਖੇ ਫਾਲੋ-ਅਪ ਟੀਕਾ ਲਗਾਇਆ ਗਿਆ ਹੈ।

ਹਸਪਤਾਲ ਦੇ ਚੀਫ ਐਗਜ਼ੀਕਿਉਟਿਵ ਐਂਡੀ ਹਾਰਡੀ ਅਨੁਸਾਰ ਮਾਰਗਰੇਟ ਨੂੰ ਟੀਕੇ ਦੀ ਦੂਜੀ ਖੁਰਾਕ ਦੇਣੀ ਹਸਪਤਾਲ ਲਈ ਖੁਸ਼ੀ ਵਾਲੀ ਗੱਲ ਹੈ। ਹਸਪਤਾਲ ਅਨੁਸਾਰ ਮਾਰਗਰੇਟ ਜੋ ਕਿ ਮੂਲ ਰੂਪ ਵਿਚ ਉੱਤਰੀ ਆਇਰਲੈਂਡ ਵਿਚ ਐਨਿਸਕਿਲਨ ਦੀ ਹੈ, 60 ਸਾਲਾ ਦੇ ਵੱਧ ਸਮੇਂ ਤੋਂ ਕਾਵੈਂਟਰੀ ਵਿਚ ਰਹੀ ਹੈ। ਟੀਕੇ ਲਗਵਾਉਣ ਤੋਂ ਬਾਅਦ ਚੰਗੀ ਤਰ੍ਹਾਂ ਠੀਕ ਹੋ ਰਹੀ ਹੈ। ਇਸ ਬੀਬੀ ਤੋਂ ਇਲਾਵਾ ਹੋਰ ਲੋਕ ਜਿਨ੍ਹਾਂ ਨੂੰ ਟੀਕਾ ਦਿੱਤਾ ਗਿਆ ਸੀ, ਵੀ ਇਸ ਹਫ਼ਤੇ ਆਪਣੀ ਦੂਜੀ ਖੁਰਾਕ ਲੈਣ ਵਾਲੇ ਹਨ। 


ਸਿਹਤ ਵਿਭਾਗ ਵਲੋਂ ਪ੍ਰਕਾਸ਼ਤ ਕੀਤੇ ਗਏ ਅੰਕੜੇ ਦਰਸਾਉਂਦੇ ਹਨ ਕਿ ਬ੍ਰਿਟੇਨ ਵਿਚ 8 ਦਸੰਬਰ ਤੋਂ 20 ਦਸੰਬਰ ਦੇ ਦਰਮਿਆਨ ਤਕਰੀਬਨ 6,16,933 ਲੋਕ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲਗਵਾ ਚੁੱਕੇ ਹਨ। ਟੀਕਾਕਰਨ ਦੀਆਂ ਸ਼ੁਰੂਆਤੀ ਖੁਰਾਕਾਂ ਹਸਪਤਾਲਾਂ ਵਿਚ ਦਿੱਤੀਆਂ ਗਈਆਂ ਸਨ ਪਰ ਇਸ ਦੇ  ਰੋਲਆਉਟ ਤੋਂ ਬਾਅਦ ਇਸ ਦੀ ਵਰਤੋਂ ਹੋਰ ਸਿਹਤ ਸਹੂਲਤਾਂ ਅਤੇ ਕੇਅਰ ਹੋਮਜ਼ ਵਿਚ ਵੀ ਸ਼ੁਰੂ ਹੋ ਗਈ ਹੈ।


author

Sanjeev

Content Editor

Related News