ਯੂ. ਕੇ. : ਸਕਾਟਲੈਂਡ ''ਚ ਕੋਵਿਡ-19 ਸਬੰਧੀ ਨਵੀਂਆਂ ਹਦਾਇਤਾਂ ਜਾਰੀ
Sunday, Sep 13, 2020 - 12:40 PM (IST)

ਲੰਡਨ, (ਰਾਜਵੀਰ ਸਮਰਾ)- ਪਿਛਲੇ ਕੁਝ ਹਫ਼ਤਿਆਂ ਤੋਂ ਸਕਾਟਲੈਂਡ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਦੁਬਾਰਾ ਤੋਂ ਲਗਾਤਾਰ ਵੱਧ ਰਹੇ ਹਨ। ਇਸ 'ਤੇ ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਚਿੰਤਾ ਜ਼ਾਹਰ ਕਰਦਿਆਂ ਲੋਕਾਂ ਨੂੰ ਸਰਕਾਰੀ ਹਿਦਾਇਤਾਂ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ ਹੈ। ਉਨ੍ਹਾਂ ਅੱਜ ਤੋ ਉੱਤਰੀ ਲਨਾਰਕਸ਼ਾਇਰ ਅਤੇ ਦੱਖਣੀ ਲਨਾਰਕਸ਼ਾਇਰ ਕੌਂਸਲਾਂ ਦੇ ਖੇਤਰ 'ਚ ਵੀ ਲੋਕਾਂ ਨੂੰ ਦੂਜੇ ਲੋਕਾਂ ਦੇ ਘਰ ਜਾਣ ਜਾਂ ਉਨ੍ਹਾਂ ਨੂੰ ਆਪਣੇ ਘਰ ਬੁਲਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ।
ਪਹਿਲੀ ਮੰਤਰੀ ਨੇ ਸੋਮਵਾਰ ਤੋਂ ਸਕਾਟਲੈਂਡ 'ਚ ਘਰ ਦੇ ਅੰਦਰ ਜਾਂ ਘਰ ਤੋਂ ਬਾਹਰ 6 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ, ਇਸ ਪਾਬੰਦੀ ਤੋਂ 12 ਸਾਲ ਤੋ ਘੱਟ ਉਮਰ ਦੇ ਬੱਚਿਆਂ ਨੂੰ ਛੋਟ ਹੋਵੇਗੀ। ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਕੁਝ ਖੇਤਰਾਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਨਾਲ ਮਾਹਰਾਂ ਦੀ ਚਿੰਤਾ ਵਧਦੀ ਜਾ ਰਹੀ ਹੈ। ਇਸ ਲਈ ਸਥਾਨਕ ਸਰਕਾਰਾਂ ਵਲੋਂ ਸਮੇਂ-ਸਮੇਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾ ਰਹੀਆਂ ਹਨ।