ਗੈਰ-ਕਾਨੂੰਨੀ ਇਮੀਗ੍ਰੇਸ਼ਨ ''ਚ ਫਸਿਆ ਪੰਜਾਬੀ, ਮਿਲੀ ਸਜ਼ਾ
Saturday, Mar 30, 2019 - 02:14 PM (IST)

ਲੰਡਨ, (ਰਾਜਵੀਰ ਸਮਰਾ)— ਯੂ. ਕੇ. ਦੀ ਕ੍ਰਾਊਨ ਕੋਰਟ ਨੇ ਇੱਕ ਪੰਜਾਬੀ ਟੈਕਸੀ ਡਰਾਈਵਰ ਹਰਭਜਨ ਸਿੰਘ ਅਤੇ ਉਸ ਦੇ ਸਾਥੀ ਦਾਵਦਾ ਸੀ.ਸੀ. ਨੂੰ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ 'ਚ ਸਹਾਇਤਾ ਕਰਨ ਦੇ ਦੋਸ਼ਾਂ ਤਹਿਤ ਸਜ਼ਾ ਸੁਣਾਈ ਹੈ। ਅਦਾਲਤ 'ਚ ਦੱਸਿਆ ਗਿਆ ਕਿ 42 ਸਾਲਾ ਵਿਅਕਤੀ ਅਹਿਮਦ ਯੂਸਫ਼ ਨੇ ਆਪਣੀ ਪਤਨੀ ਅਤੇ ਇੱਕ ਬੱਚੇ ਨੂੰ ਸੀਰੀਆ 'ਚ ਜਿਹਾਦੀਆਂ ਦੀ ਮਦਦ ਕਰਨ ਲਈ ਜ਼ਬਰਦਸਤੀ ਭੇਜਿਆ ਸੀ ਅਤੇ ਉਸ ਨੇ ਖ਼ੁਦ ਸਿਆਸੀ ਪਨਾਹ ਲਈ ਹੋਈ ਸੀ । ਇਹ ਪਰਿਵਾਰ ਸੀਰੀਆ ਤੋਂ ਵਾਪਸ ਯੂ. ਕੇ. ਆਉਣ ਲਈ ਹਾਲੈਂਡ ਪਹੁੰਚ ਗਿਆ ਸੀ, ਜਿਨ੍ਹਾਂ ਨੂੰ ਯੂ. ਕੇ. ਲਿਆਉਣ ਲਈ ਯੂਸਫ਼ ਨੇ 52 ਸਾਲਾ ਹਰਭਜਨ ਸਿੰਘ ਨੂੰ ਮਦਦ ਲਈ ਕਿਹਾ। ਹਰਭਜਨ ਨੇ ਵਰਦਿੰਗ ਸਟਰੀਟ ਘਰ 'ਚ ਰਹਿੰਦੇ ਹਾਲੈਂਡ ਦੇ 49 ਸਾਲਾ ਦਾਵਦਾ ਸੀ.ਸੀ. ਨੂੰ ਇਹ ਕੰਮ ਕਰਨ ਲਈ ਕਿਹਾ।
ਦਾਵਦਾ ਨੇ ਉਕਤ ਪਰਿਵਾਰ ਦੀ ਮਦਦ ਲਈ ਹਾਲੈਂਡ ਦੇ ਗੇੜੇ ਲਾਏ, ਜਿਸ ਦਾ ਖਰਚਾ ਅਹਿਮਦ ਯੂਸਫ਼ ਨੇ ਦਿੱਤਾ ਸੀ । ਇੱਕ ਹੋਰ ਕੇਸ ਦੇ ਸਬੰਧ 'ਚ ਪੁਲਸ ਨੇ ਹਰਭਜਨ ਸਿੰਘ ਦੇ ਘਰ ਛਾਪਾ ਮਾਇਆ ਤਾਂ ਉੱਥੋਂ 50 ਹਜ਼ਾਰ ਪੌਂਡ ਦੀ ਕੀਮਤ ਦੇ ਭੰਗ ਦੇ ਪੌਦੇ ਅਤੇ ਸੁੱਕੀ ਭੰਗ ਮਿਲੀ । ਜਾਂਚ ਦੌਰਾਨ ਪਤਾ ਲੱਗਾ ਕਿ ਹਾਲੈਂਡ ਦੇ ਗੇੜੇ ਭੰਗ ਕਾਰੋਬਾਰ ਨਾਲ ਸਬੰਧਤ ਨਹੀਂ ਸਨ, ਸਗੋਂ ਜਿਹਾਦੀ ਪਰਿਵਾਰ ਨੂੰ ਵਾਪਸ ਲਿਆਉਣ ਲਈ ਵਿਊਂਤ ਬਣਾਉਣਾ ਸੀ। ਘਰ 'ਚ ਰਹਿੰਦੇ ਦਾਵਦਾ ਦੇ ਇਕ ਸਾਥੀ ਰਿਕਾਰਡੋ ਰੋਕਸਟਨ ਦਾ ਵੀ ਇਸ ਸਭ 'ਚ ਹੱਥ ਸੀ, ਜੋ ਫ਼ਰਾਰ ਹੈ।
ਅਹਿਮਦ ਯੂਸਫ਼ ਆਪਣੀ ਪਤਨੀ, 12 ਅਤੇ 14 ਸਾਲਾ ਬੇਟੇ ਅਤੇ ਬੇਟੀ ਨਾਲ 21 ਮਾਰਚ, 2016 ਨੂੰ ਹਾਲੈਂਡ ਤੋਂ ਹੱਲ ਬੰਦਰਗਾਹ 'ਤੇ ਕਿਸ਼ਤੀ ਨਾਲ ਪਹੁੰਚਿਆ ਸੀ, ਜਿੱਥੇ ਉਨ੍ਹਾਂ ਇਰਾਕ 'ਚ ਜਾਨ ਨੂੰ ਖ਼ਤਰਾ ਦੱਸ ਨੇ ਪਨਾਹ ਮੰਗ ਲਈ ਸੀ। ਇਸੇ ਗੇੜੇ ਦੀ ਸਫਲਤਾ ਨੂੰ ਦੇਖਦਿਆਂ ਯੂਸਫ਼ ਨੇ ਆਪਣੀ ਪਤਨੀ ਅਤੇ ਬੱਚਿਆਂ ਦੇ ਸੀਰੀਆ ਤੋਂ ਵਾਪਸ ਹਾਲੈਂਡ ਆਉਣ ਬਾਅਦ ਦੁਬਾਰਾ ਹਰਭਜਨ ਸਿੰਘ ਨੂੰ ਮਦਦ ਲਈ ਗੁਹਾਰ ਲਾਈ ਸੀ, ਜਿਸ ਨੇ ਦਾਵਦਾ ਨੂੰ ਜਾਣ ਲਈ ਤਿਆਰ ਕਰ ਲਿਆ ਸੀ। ਇਨ੍ਹਾਂ ਨੇ ਯੌਰਕਸ਼ਾਇਰ ਕੈਂਪ ਹੋਮ ਤੋਂ ਇੱਕ ਘਰ ਵਰਗੀ ਵੈਨ ਕਿਰਾਏ 'ਤੇ ਲਈ, ਜਦ ਕਿ ਸਮੁੰਦਰੀ ਕਿਸ਼ਤੀ ਦੀ ਬੁਕਿੰਗ ਥਾਮਸ ਕੁੱਕ ਏਜੰਟ ਰਾਹੀਂ ਕੀਤੀ ਗਈ।
ਉਕਤ ਪਰਿਵਾਰ ਨੂੰ ਯੂ. ਕੇ. ਲਿਆਉਣ ਲਈ ਕੋਈ ਭੁਗਤਾਨ ਨਹੀਂ ਕੀਤਾ ਗਿਆ । ਹਰਭਜਨ ਸਿੰਘ ਨੇ ਸਿਰਫ਼ ਮਦਦ ਹੀ ਕੀਤੀ ਸੀ। ਭੰਗ ਲਈ ਰਿਕਾਰਡੋ ਰੋਨਸਟਨ ਨੂੰ ਜ਼ਿੰਮੇਵਾਰ ਦੱਸਿਆ ਗਿਆ । ਅਦਾਲਤ 'ਚ ਹਰਭਜਨ ਸਿੰਘ ਨੂੰ ਇਮਾਨਦਾਰ ਟੈਕਸੀ ਡਰਾਈਵਰ ਦੱਸਿਆ ਗਿਆ, ਜੋ ਬਹੁਤ ਪੜ੍ਹਿਆ-ਲਿਖਿਆ ਨਹੀਂ ਸੀ ਅਤੇ ਉਸ ਕੋਲ ਵਕੀਲ ਕਰਨ ਲਈ ਵੀ ਪੈਸੇ ਨਹੀਂ ਸਨ , ਜਿਸ ਕਰ ਕੇ ਉਸ ਦਾ ਕੇਸ ਵਕੀਲ ਡੇਵਿਡ ਗੋਡਟਰੇ ਨੇ ਲੜਿਆ। ਅਦਾਲਤ ਨੇ ਹਰਭਜਨ ਸਿੰਘ ਨੂੰ 12 ਮਹੀਨੇ ਕੈਦ 12 ਮਹੀਨੇ ਲਈ ਮੁਲਤਵੀ ਦੀ ਸਜ਼ਾ ਸੁਣਾਈ । ਦਾਵਦਾ ਨੂੰ 20 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਅਹਿਮਦ ਯੂਸਫ਼ ਨੂੰ ਅਗਲੀ ਪੇਸ਼ੀ 'ਤੇ ਸਜ਼ਾ ਸੁਣਾਈ ਜਾਵੇਗੀ।