ਬ੍ਰਿਟੇਨ ਅਮੇਜ਼ਨ ਜੰਗਲ ਲਈ ਦਾਨ ਕਰੇਗਾ ਇਕ ਕਰੋੜ ਪੌਂਡ

08/26/2019 3:37:12 PM

ਪੈਰਿਸ/ਲੰਡਨ— ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਿਆਨਕ ਅੱਗ ਨਾਲ ਪ੍ਰਭਾਵਿਤ ਹੋਏ ਅਮੇਜ਼ਨ ਜੰਗਲ 'ਚ ਪੈਣ ਵਾਲੇ ਦੇਸ਼ਾਂ ਦੀ ਮਦਦ ਲਈ ਇਕ ਕਰੋੜ ਪੌਂਡ ਦੀ ਸਹਾਇਤਾ ਕਰਨ ਦਾ ਸੋਮਵਾਰ ਨੂੰ ਸੰਕਲਪ ਲਿਆ। ਬ੍ਰਿਟਿਸ਼ ਸਰਕਾਰ ਨੇ ਫ੍ਰਾਂਸੀਸੀ ਤੱਟੀ ਸ਼ਹਿਰ ਬਿਆਰਿਤਜ 'ਚ ਜੀ-7 ਸਿਖਰ ਸੰਮੇਲਨ 'ਚ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਅੱਗ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਸਣੇ ਨਿਵਾਸ ਨੂੰ ਬਹਾਲ ਕਰਨ 'ਚ ਮਦਦ ਲਈ ਇਹ ਧਨ ਫੌਰਨ ਮੁਹੱਈਆ ਕੀਤਾ ਜਾਵੇਗਾ।

ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਹੇ ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਐਤਵਾਰ ਨੂੰ ਕਿਹਾ ਸੀ ਕਿ ਦੁਨੀਆ ਭਰ ਦੇ ਨੇਤਾ ਜੰਗਲ 'ਚ ਲੱਗੀ ਅੱਗ ਨਾਲ ਪ੍ਰਭਾਵਿਤ ਦੇਸ਼ਾਂ ਦੀ ਮਦਦ ਲਈ ਸਹਿਮਤ ਹੋਏ ਹਨ। ਜਾਨਸਨ ਨੇ ਇਕ ਬਿਆਨ 'ਚ ਕਿਹਾ ਕਿ ਇਕ ਅਜਿਹੇ ਹਫਤੇ 'ਚ ਅਸੀਂ ਸਾਰਿਆਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਜੰਗਲ ਨੂੰ ਸੜਦੇ ਹੋਏ ਦੇਖਿਆ ਤੇ ਡਰ ਗਏ ਪਰ ਅਸੀਂ ਕੁਦਰਤੀ ਦੁਨੀਆ ਨੂੰ ਪਹੁੰਚ ਰਹੇ ਨੁਕਸਾਨ ਦੀ ਸੱਚਾਈ ਤੋਂ ਭੱਜ ਨਹੀਂ ਸਕਦੇ।

ਜ਼ਿਕਰਯੋਗ ਹੈ ਕਿ ਅਮੇਜ਼ਨ ਦਾ ਕਰੀਬ 60 ਫੀਸਦੀ ਹਿੱਸਾ ਬ੍ਰਾਜ਼ੀਲ 'ਚ ਪੈਂਦਾ ਹੈ। ਇਸ ਜੰਗਲ ਦਾ ਇਕ ਵੱਡਾ ਹਿੱਸਾ ਬੋਲੀਵੀਆ, ਕੋਲੰਬੀਆ, ਇਕਵਾਡੋਰ, ਫ੍ਰੈਂਚ ਗੁਏਆ, ਪੇਰੂ, ਸੁਰੀਨਾਮ ਤੇ ਵੈਨੇਜ਼ੁਏਲਾ 'ਚ ਵੀ ਪੈਂਦਾ ਹੈ। ਜਾਨਸਨ ਨੇ ਇਹ ਵੀ ਕਿਹਾ ਕਿ ਜਲਵਾਯੂ ਪਰਿਵਰਤਨ ਤੇ ਜੈਵ-ਵਿਭਿੰਨਤਾ ਨੂੰ ਨੁਕਸਾਨ ਦੇ ਅਹਿਮ ਵਾਤਾਵਰਣੀ ਮੁੱਦਿਆਂ ਨਾਲ ਨਿਪਟਣਾ ਅੰਤਰਰਾਸ਼ਟਰੀ ਭਾਈਚਾਰੇ ਲਈ ਜ਼ਰੂਰੀ ਹੈ।


Baljit Singh

Content Editor

Related News