ਯੂ. ਕੇ. : ਤਾਲਾਬੰਦੀ ਦੇ ਬਾਵਜੂਦ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 50,000 ਤੋਂ ਪਾਰ
Wednesday, Nov 11, 2020 - 11:20 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਵਿਚ ਅੱਜ ਹੋਈਆਂ ਘੱਟੋ ਘੱਟ 478 ਨਵੀਂਆਂ ਮੌਤਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਅਧਿਕਾਰਤ ਕੋਰੋਨਾ ਵਾਇਰਸ ਮੌਤ ਅੰਕੜਿਆਂ ਨੇ 50,000 ਨੂੰ ਪਾਰ ਕਰ ਲਿਆ ਹੈ। ਇੰਗਲੈਂਡ ਦੇ ਹਸਪਤਾਲਾਂ ਵਿਚ ਹੋਈਆਂ ਮੌਤਾਂ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੇ ਅੰਕੜਿਆਂ ਦੇ ਨਾਲ ਕੱਲ ਕੁੱਲ ਮਿਲਾ ਕੇ 49,770 ਦੀ ਮੌਤ ਹੋ ਗਈ ਸੀ ਅਤੇ ਇੰਗਲੈਂਡ ਦੇ ਹੋਰ ਅਧਿਕਾਰਤ ਅੰਕੜਿਆਂ ਤੋਂ ਬਾਅਦ ਅੱਜ ਯੂ. ਕੇ. ਵਿਚ ਲਗਭਗ 500 ਮੌਤਾਂ ਦਰਜ ਹੋਈਆਂ ਹਨ।
ਜ਼ਿਆਦਾਤਰ ਨਵੀਂਆਂ ਮੌਤਾਂ ਦੇ ਮਾਮਲੇ ਦੂਜੀ ਰਾਸ਼ਟਰੀ ਤਾਲਾਬੰਦੀ ਦੇ ਦੌਰਾਨ ਵੀ ਆ ਰਹੇ ਹਨ। ਜੌਹਨ ਹਾਪਿੰਕਸ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਯੂ. ਕੇ. ਕੋਵਿਡ -19 ਮੌਤਾਂ ਦੇ ਮਾਮਲੇ ਵਿਚ ਦੁਨੀਆ ਦਾ ਪੰਜਵਾਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਇਸ ਦੇ ਨਾਲ ਯੂ. ਐੱਸ. ਏ. , ਬ੍ਰਾਜ਼ੀਲ, ਭਾਰਤ ਅਤੇ ਮੈਕਸੀਕੋ ਵਿਚ ਜ਼ਿਆਦਾ ਲੋਕ ਵਾਇਰਸ ਨਾਲ ਮਰ ਰਹੇ ਹਨ। ਅੱਜ ਸਕਾਟਲੈਂਡ ਨੇ ਵੀ ਪਿਛਲੇ 24 ਘੰਟਿਆਂ ਦੌਰਾਨ 64 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
6 ਮਈ ਤੋਂ ਬਾਅਦ ਇਹ ਇਕ ਦਿਨ ਵਿਚ ਸਭ ਤੋਂ ਵੱਧ ਮੌਤਾਂ ਦਰਜ ਹੋਈਆਂ ਦੱਸੀਆਂ ਗਈਆਂ ਹਨ। ਇਸ ਸੰਬੰਧੀ ਨਿਕੋਲਾ ਸਟਰਜਨ ਨੇ ਕਿਹਾ ਹੈ ਕਿ ਕੁੱਲ ਮਿਲਾ ਕੇ ਮਰਨ ਵਾਲਿਆਂ ਦੀ ਗਿਣਤੀ 3,143 ਹੋ ਗਈ ਹੈ ਜਦਕਿ 1,261 ਸਕਾਰਾਤਮਕ ਟੈਸਟ ਵੀ ਦਰਜ ਕੀਤੇ ਗਏ ਹਨ ਜਦਕਿ ਵੇਲਜ਼ ਵਿਚ ਵੀ 45 ਨਵੀਂਆਂ ਮੌਤਾਂ ਅਤੇ 928 ਨਵੇਂ ਮਾਮਲੇ ਸਾਹਮਣੇ ਆਏ ਹਨ।