ਯੂ. ਕੇ. : ਕਿਸਮਤ ਨੇ ਖੜਕਾਇਆ ਦਰਵਾਜ਼ਾ, 79 ਮਿਲੀਅਨ ਪੌਂਡ ਦੀ ਨਿਕਲੀ ਲਾਟਰੀ
Wednesday, Oct 28, 2020 - 08:27 AM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕਿਸਮਤ ਕਦੋਂ ਕਿਸੇ 'ਤੇ ਮਿਹਰਬਾਨ ਹੋ ਜਾਂਦੀ ਹੈ, ਇਸ ਦੀ ਮਿਸਾਲ ਯੂ. ਕੇ. ਵਿਚ ਵੇਖਣ ਨੂੰ ਮਿਲੀ ਹੈ। ਨੈਸ਼ਨਲ ਲਾਟਰੀ ਅਨੁਸਾਰ ਯੂ. ਕੇ. ਦੇ ਇਕ ਖੁਸ਼ਕਿਸਮਤ ਟਿਕਟ ਧਾਰਕ ਨੂੰ ਯੂਰੋ ਮਿਲੀਅਨ ਲਾਟਰੀ ਦਾ 79 ਮਿਲੀਅਨ ਪੌਂਡ ਦਾ ਜੈਕਪਾਟ ਮਿਲਿਆ ਹੈ।
ਇਹ ਵੀ ਪੜ੍ਹੋ- ਸਕਾਟਲੈਂਡ 'ਚ ਸ਼ਰਾਬ ਨਾ ਵੇਚਣ ਦੀ ਸ਼ਰਤ 'ਤੇ ਖੁੱਲ੍ਹ ਸਕਣਗੇ ਪਬ ਅਤੇ ਰੈਸਟੋਰੈਂਟ
ਮੰਗਲਵਾਰ ਸ਼ਾਮ ਨੂੰ ਖ਼ਬਰਾਂ ਦੇ ਐਲਾਨ ਤੋਂ ਬਾਅਦ ਖਿਡਾਰੀਆਂ ਨੂੰ ਟਿਕਟਾਂ ਦੀ ਜਾਂਚ ਕਰਨ ਦੀ ਅਪੀਲ ਕੀਤੀ ਗਈ ਹੈ, ਜਿਸ ਵਿੱਚ ਜੇਤੂ ਨੇ ਇਨਾਮ ਜਿੱਤਣ ਲਈ ਸਾਰੇ ਪੰਜ ਨੰਬਰਾਂ ਅਤੇ ਦੋ ਲੱਕੀ ਸਿਤਾਰਿਆਂ ਦਾ ਮੇਲ ਕੀਤਾ। ਇਹ ਨੰਬਰ 13, 15, 28, 44, 32 ਅਤੇ ਲੱਕੀ ਸਟਾਰ 3 ਅਤੇ 12 ਸਨ।
ਨੈਸ਼ਨਲ ਲਾਟਰੀ ਦੇ ਜੇਤੂਆਂ ਦੇ ਸਲਾਹਕਾਰ ਐਂਡੀ ਕਾਰਟਰ ਨੇ ਕਿਹਾ ਕਿ ਬ੍ਰਿਟੇਨ ਦੇ ਟਿਕਟ ਧਾਰਕ ਲਈ ਇਹ ਹੈਰਾਨੀ ਵਾਲੀ ਖ਼ਬਰ ਹੈ ਜਿਸ ਨੇ ਅੱਜ ਰਾਤ ਦਾ ਹੈਰਾਨੀਜਨਕ 79 ਮਿਲੀਅਨ ਪੌਂਡ ਯੂਰੋ ਮਿਲੀਅਨ ਜੈਕਪਾਟ ਜਿੱਤਿਆ ਹੈ। ਇਸ ਵਿਚ ਜਿੱਤੀ ਹੋਈ ਅਸਲ ਰਕਮ 7,93,15,197.70 ਪੌਂਡ ਸੀ। ਇਸ ਰਕਮ 'ਤੇ ਦਾਅਵਾ ਕਰਨ ਲਈ ਜੇਤੂ ਕੋਲ 180 ਦਿਨ ਹੋਣਗੇ ਜੇ ਇਸ ਲਈ ਕੋਈ ਅੱਗੇ ਨਹੀਂ ਆਉਂਦਾ ਤਾਂ ਇਨਾਮੀ ਰਾਸ਼ੀ ਨੂੰ ਦਾਨ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸਕਾਟਲੈਂਡ ਵਿਚ ਕੋਈ ਵਿਅਕਤੀ ਯੂਰੋ ਮਿਲੀਅਨ ਜੈਕਪਾਟ ਦਾ ਦਾਅਵਾ ਕਰਨ ਵਿਚ ਅਸਫਲ ਰਹਿਣ ਤੋਂ ਬਾਅਦ 58 ਮਿਲੀਅਨ ਪੌਂਡ ਦੇ ਕਰੀਬ ਗੁਆ ਬੈਠਾ ਸੀ।