UK 'ਚ ਨਵੇਂ ਕੋਰੋਨਾ ਸਟ੍ਰੇਨ ਦੀ ਦਹਿਸ਼ਤ ਵਿਚਕਾਰ ਸਖ਼ਤ ਪਾਬੰਦੀਆਂ ਲਾਗੂ

Saturday, Dec 26, 2020 - 10:56 PM (IST)

UK 'ਚ ਨਵੇਂ ਕੋਰੋਨਾ ਸਟ੍ਰੇਨ ਦੀ ਦਹਿਸ਼ਤ ਵਿਚਕਾਰ ਸਖ਼ਤ ਪਾਬੰਦੀਆਂ ਲਾਗੂ

ਲੰਡਨ- ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਨਵੇਂ ਬਦਲਵੇਂ ਰੂਪ ਕਾਰਨ ਫੈਲੀ ਦਹਿਸ਼ਤ ਵਿਚਕਾਰ ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਦੇ ਨਾਲ ਯੂ. ਕੇ. ਵਿਚ ਵਾਇਰਸ ਦੇ ਨਵੇਂ ਪ੍ਰਕੋਪ ਨੂੰ ਰੋਕਣ ਦੀ ਕੋਸ਼ਿਸ਼ ਲਈ ਨਵੀਆਂ ਕੋਰੋਨਾ ਵਾਇਰਸ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ।

ਵੇਲਜ਼ ਵਿਚ ਕ੍ਰਿਸਮਸ ਦੇ ਦਿਨ ਦਿੱਤੀ ਗਈ ਢਿੱਲ ਵਾਪਸ ਲੈ ਲਈ ਗਈ ਹੈ। ਬ੍ਰਿਟੇਨ ਦੀ ਆਬਾਦੀ ਦੇ ਲਗਭਗ 43 ਫ਼ੀਸਦੀ ਯਾਨੀ 2.4 ਕਰੋੜ ਲੋਕ ਹੁਣ ਕੋਰੋਨਾ ਵਾਇਰਸ ਦੀਆਂ ਸਖ਼ਤ ਪਾਬੰਦੀਆਂ ਵਿਚ ਹਨ। ਇਕ-ਦੂਜੇ ਦੇ ਘਰਾਂ ਵਿਚ ਜਾਣ ਦੀ ਇਜਾਜ਼ਤ ਨਹੀਂ ਹੈ।

ਇਸ ਤੋਂ ਇਲਾਵਾ ਸਿਰਫ਼ ਬਹੁਤ ਜ਼ਰੂਰੀ ਹੋਣ 'ਤੇ ਹੀ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਜਿੰਮ, ਪੂਲ, ਹੇਅਰ ਡ੍ਰੈਸਰ ਅਤੇ ਗੈਰ-ਮਹੱਤਵਪੂਰਣ ਚੀਜ਼ਾਂ ਵੇਚਣ ਵਾਲੇ ਸਟੋਰਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਪਿਛਲੇ 24 ਘੰਟਿਆਂ ਵਿਚ ਕੋਵਿਡ-19 ਕਾਰਨ ਇੱਥੇ 570 ਹੋਰ ਮੌਤਾਂ ਹੋਈਆਂ ਹਨ, ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 70,195 ਹੋ ਗਈ ਹੈ। ਕ੍ਰਿਸਮਸ ਵਾਲੇ ਦਿਨ 32,700 ਤੋਂ ਵੱਧ ਕੋਰੋਨਾ ਵਾਇਰਸ ਨਾਲ ਸੰਕ੍ਰਮਿਤਾਂ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।

ਗੌਰਤਲਬ ਹੈ ਕਿ ਕੋਰੋਨਾ ਵਾਇਰਸ ਦਾ ਪ੍ਰਕੋਪ ਵਧਣ ਕਾਰਨ ਰੋਜ਼ੀ-ਰੋਟੀ ਕਮਾਉਣ ਲਈ ਗਏ ਵਿਦੇਸ਼ੀ ਕਾਮਿਆਂ ਲਈ ਜ਼ਿਆਦਾ ਮੁਸ਼ਕਲ ਹੋ ਰਹੀ ਹੈ। ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦਾ ਸਟ੍ਰੇਨ ਮਿਲਣ ਪਿੱਛੋਂ ਕਈ ਮੁਲਕਾਂ ਨੇ ਯਾਤਰਾ ਪਾਬੰਦੀਆਂ ਨੂੰ ਲਾਗੂ ਕਰ ਦਿੱਤਾ ਹੈ। ਕੁਝ ਮੁਲਕਾਂ ਨੇ ਬ੍ਰਿਟੇਨ ਲਈ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਕੁਝ ਨੇ ਯੂ. ਕੇ. ਤੋਂ ਆਉਣ ਵਾਲੇ ਮੁਸਾਫ਼ਰਾਂ ਲਈ ਯਾਤਰਾ ਤੋਂ 72 ਘੰਟੇ ਦੇ ਅੰਦਰ-ਅੰਦਰ ਕੋਰੋਨਾ ਨੈਗੇਟਿਵ ਰਿਪੋਰਟ ਲੈ ਕੇ ਆਉਣ ਨੂੰ ਕਿਹਾ ਹੈ। ਜਾਪਾਨ ਅਤੇ ਸਪੇਨ ਵਿਚ ਵੀ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੇ ਤਾਜ਼ਾ ਮਾਮਲੇ ਸਾਹਮਣੇ ਆਏ ਹਨ, ਇਹ ਲੋਕ ਯੂ. ਕੇ. ਤੋਂ ਹੀ ਹਾਲ ਹੀ ਵਿਚ ਉੱਥੇ ਪਹੁੰਚੇ ਸਨ।


author

Sanjeev

Content Editor

Related News