ਪ੍ਰਧਾਨ ਮੰਤਰੀ ਤੋਂ ਬਾਅਦ ਬ੍ਰਿਟੇਨ ਦੇ ਸਿਹਤ ਮੰਤਰੀ ਨੂੰ ਵੀ ਹੋਇਆ ਕੋਰੋਨਾਵਾਇਰਸ

03/27/2020 7:04:26 PM

ਲੰਡਨ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਤੋਂ ਬਾਅਦ ਹੁਣ ਦੇਸ਼ ਦੇ ਸਿਹਤ ਮੰਤਰੀ ਨੂੰ ਵੀ ਕੋਰੋਨਾਵਾਇਰਸ ਹੋਣ ਦੀ ਖਬਰ ਮਿਲੀ ਹੈ। ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਮੰਤਰੀ ਮੈਟ ਹੈਂਕਾਕ ਸੈਲਫ ਆਈਸੋਲੇਸ਼ਨ ਵਿਚ ਹਨ। ਇਸ ਦੀ ਜਾਣਕਾਰੀ ਖੁਦ ਸਿਹਤ ਮੰਤਰੀ ਨੇ ਟਵੀਟ ਰਾਹੀਂ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਕੁਝ ਹੀ ਦੇਰ ਪਹਿਲਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਟਵੀਟ ਰਾਹੀਂ ਖੁਦ ਨੂੰ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਕੀਤੀ ਸੀ।

ਸਿਹਤ ਮੰਤਰੀ ਨੇ ਖੁਦ ਨੂੰ ਕੋਰੋਨਾਵਾਇਰਸ ਦੀ ਪੁਸ਼ਟੀ ਕਰਦਿਆਂ ਟਵੀਟ ਕੀਤਾ ਕਿ ਮੇਰੀ ਸਿਹਤ ਨੂੰ ਦੇਖਦਿਆਂ ਮੈਨੂੰ ਕੋਰੋਨਾਵਾਇਰਸ ਦਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ। ਟੈਸਟ ਦੌਰਾਨ ਪਤਾ ਲੱਗਿਆ ਕਿ ਮੈਨੂੰ ਕੋਰੋਨਾਵਾਇਰਸ ਹੈ। ਖੁਸ਼ਕਿਸਮਤੀ ਨਾਲ ਮੇਰੀ ਹਾਲਤ ਠੀਕ ਹੈ। ਮੈਂ ਘਰੋਂ ਕੰਮ ਕਰਾਂਗਾ ਤੇ ਖੁਦ ਨੂੰ ਸੈਲਫ ਆਈਸੋਲੇਸ਼ਨ ਵਿਚ ਰੱਖਾਂਗਾ। ਇਸ ਦੌਰਾਨ ਅਸੀਂ ਨੈਸ਼ਨਲ ਸਿਹਤ ਸਰਵਿਸ ਦੀ ਸਲਾਹ ਮੰਨੀਏ ਤੇ ਜ਼ਿੰਦਗੀਆਂ ਬਚਾਈਏ।

ਇਸ ਤੋਂ ਪਹਿਲਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਬੀਤੇ 24 ਘੰਟਿਆਂ ਤੋਂ ਵਾਇਰਸ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਕੋਰੋਨਾਵਾਇਰਸ ਦੇ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਮੈਂ ਸੈਲਫ ਆਈਸੋਲੇਸ਼ਨ ਵਿਚ ਹਾਂ ਪਰ ਮੈਂ ਇਸ ਵਾਇਰਸ ਨਾਲ ਲੜਨ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੀ ਸਰਕਾਰ ਦੀ ਅਗਵਾਈ ਜਾਰੀ ਰੱਖਾਂਗਾ। ਅਸੀਂ ਇਕੱਠੇ ਵਾਇਰਸ ਤੋਂ ਜਿੱਤ ਸਕਦੇ ਹਾਂ। ਜ਼ਿਕਰਯੋਗ ਹੈ ਕਿ ਬ੍ਰਿਟੇਨ ਵਿਚ ਹੁਣ ਤੱਕ 11 ਹਜ਼ਾਰ ਤੋਂ ਵਧੇਰੇ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 500 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।


Baljit Singh

Content Editor

Related News