ਕੰਪਲੀਸ਼ਨ ਸਰਟੀਫਿਕੇਟ ’ਤੇ ਕੌਂਸਲਰਾਂ ਨੇ ਨਿਗਮ ਨੂੰ ਘੇਰਿਆ, ਕਮਿਸ਼ਨਰ ਤੋਂ ਫੰਡ ਦੇ ਅਧਿਕਾਰ ਵੀ ਮੰਗੇ
Friday, Sep 18, 2026 - 08:33 AM (IST)
ਜਲੰਧਰ (ਚੋਪੜਾ) : ਨਗਰ ਨਿਗਮ ਵਿਚ ਵਿਕਾਸ ਕਾਰਜਾਂ ਦੀ ਨਿਗਰਾਨੀ ਅਤੇ ਵਾਰਡਾਂ ਵਿਚ ਰੱਖ-ਰਖਾਅ ਦੇ ਅਧਿਕਾਰਾਂ ਨੂੰ ਲੈ ਕੇ ਕਾਂਗਰਸੀ ਕੌਂਸਲਰਾਂ ਨੇ ਨਿਗਮ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਮਹਿਲਾ ਕਾਂਗਰਸੀ ਆਗੂ ਅਤੇ ਕੌਂਸਲਰ ਡਾ. ਜਸਲੀਨ ਸੇਠੀ ਦੀ ਅਗਵਾਈ ਵਿਚ ਕਾਂਗਰਸੀ ਕੌਂਸਲਰਾਂ ਨੇ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਸਿੰਗਲਾ ਨਾਲ ਮੁਲਾਕਾਤ ਕਰ ਕੇ ਮੰਗ-ਪੱਤਰ ਦਿੱਤਾ। ਕੌਂਸਲਰਾਂ ਨੇ ਕੰਮ ਪੂਰਾ ਹੋਣ ਦੇ ਬਾਅਦ ਜਾਰੀ ਹੋਣ ਵਾਲੇ ਕੰਪਲੀਸ਼ਨ ਸਰਟੀਫਿਕੇਟ ਨੂੰ ਲਾਗੂ ਕਰਵਾਉਣ ਅਤੇ ਬੀ. ਐਂਡ ਆਰ. ਅਤੇ ਓ. ਐਂਡ ਐੱਮ. ਦੇ ਰੱਖ-ਰਖਾਅ ਕੰਮਾਂ ਦੇ ਅਧਿਕਾਰ ਸਿੱਧੇ ਇਲਾਕਾ ਕੌਂਸਲਰਾਂ ਨੂੰ ਦੇਣ ਦੀ ਮੰਗ ਉਠਾਈ।
ਡਾ. ਜਸਲੀਨ ਸੇਠੀ ਨੇ ਕਮਿਸ਼ਨਰ ਨੂੰ ਦੱਸਿਆ ਕਿ ਨਗਰ ਨਿਗਮ ਸਦਨ ਦੀ 21 ਅਪ੍ਰੈਲ 2025 ਦੀ ਮੀਟਿੰਗ ਅਤੇ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਇਹ ਫੈਸਲਾ ਪਾਸ ਕੀਤਾ ਜਾ ਚੁੱਕਾ ਹੈ ਕਿ ਕਿਸੇ ਵਾਰਡ ਵਿਚ ਕੰਮ ਪੂਰਾ ਹੋਣ ਦੇ ਬਾਅਦ ਅੰਤਿਮ ਬਿੱਲ ਜਾਰੀ ਹੋਣ ਤੋਂ ਪਹਿਲਾਂ ਸਬੰਧਤ ਇਲਾਕਾ ਕੌਂਸਲਰ ਤੋਂ ਕੰਪਲੀਸ਼ਨ ਸਰਟੀਫਿਕੇਟ ਲਿਆ ਜਾਵੇਗਾ। ਇਸ ਦੇ ਬਾਵਜੂਦ ਕੌਂਸਲਰਾਂ ਦੇ ਸਰਟੀਫਿਕੇਟ ਲਈ ਬਿਨਾਂ ਹੀ ਕੰਮਾਂ ਦੇ ਬਿੱਲਾਂ ਦੀ ਪ੍ਰਕਿਰਿਆ ਅੱਗੇ ਵਧਾਏ ਜਾਣ ਦਾ ਦੋਸ਼ ਲਾਇਆ ਗਿਆ। ਕਾਂਗਰਸੀ ਆਗੂਆਂ ਨੇ ਕਿਹਾ ਕਿ ਜਦੋਂ ਕੌਂਸਲਰਾਂ ਨੂੰ ਆਪਣੇ ਵਾਰਡ ਵਿਚ ਹੋਏ ਕੰਮ ਦੀ ਗੁਣਵੱਤਾ ਦੇਖਣ ਅਤੇ ਪ੍ਰਮਾਣਿਤ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਤਾਂ ਉਸ ਨੂੰ ਲਾਗੂ ਕਿਉਂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਠੇਕੇਦਾਰ ਨੇ ਕੰਮ ਕਿਸ ਗੁਣਵੱਤਾ ਨਾਲ ਕੀਤਾ ਹੈ, ਇਸ ਦੀ ਜਾਂਚ ਕੀਤੇ ਬਿਨਾਂ ਬਿੱਲਾਂ ਦਾ ਭੁਗਤਾਨ ਕਰਨਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਕੌਂਸਲਰਾਂ ਨੇ ਮੰਗ ਕੀਤੀ ਕਿ ਸਰਟੀਫਿਕੇਟ ਦੀ ਵਿਵਸਥਾ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਵਾਇਆ ਜਾਵੇ।
ਇਹ ਵੀ ਪੜ੍ਹੋ : ਲਿਵ-ਇਨ ਪਾਰਟਨਰ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰ ਖੋਲ੍ਹੇ ਰਾਜ਼
ਇਸ ਦੇ ਨਾਲ ਹੀ ਕਾਂਗਰਸੀ ਕੌਂਸਲਰਾਂ ਨੇ ਬੀ. ਐਂਡ ਆਰ. ਅਤੇ ਓ. ਐਂਡ ਐੱਮ. ਦੇ ਰੱਖ-ਰਖਾਅ ਕੰਮਾਂ ਦੇ ਅਧਿਕਾਰ ਵੀ ਸਬੰਧਤ ਵਾਰਡ ਕੌਂਸਲਰਾਂ ਨੂੰ ਦੇਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਨਿਗਮ ਵੱਲੋਂ ਬੀ. ਐਂਡ ਆਰ. ਦੇ ਲਗਭਗ 10 ਲੱਖ ਰੁਪਏ ਅਤੇ ਓ. ਐਂਡ ਐੱਮ. ਦੇ ਲਗਭਗ 5 ਲੱਖ ਰੁਪਏ ਦੇ ਰੱਖ-ਰਖਾਅ ਕੰਮਾਂ ਦੇ ਠੇਕੇ ਲਾਏ ਜਾਂਦੇ ਹਨ। ਕੌਂਸਲਰਾਂ ਦਾ ਦੋਸ਼ ਸੀ ਕਿ ਇਕ ਹੀ ਠੇਕੇਦਾਰ ਕੋਲ ਕਈ ਵਾਰਡਾਂ ਦਾ ਕੰਮ ਹੋਣ ਕਾਰਨ ਜ਼ਰੂਰੀ ਕਾਰਜ ਸਮੇਂ ’ਤੇ ਨਹੀਂ ਹੋ ਪਾਉਂਦੇ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਜਵਾਬ ਕੌਂਸਲਰਾਂ ਨੂੰ ਦੇਣਾ ਪੈਂਦਾ ਹੈ। ਕੌਂਸਲਰਾਂ ਨੇ ਮੰਗ ਕੀਤੀ ਕਿ ਇਨ੍ਹਾਂ ਦੋਵਾਂ ਮੁੱਦਿਆਂ ਦੀ ਰਾਸ਼ੀ ਸਿੱਧੇ ਸਬੰਧਤ ਵਾਰਡ ਕੌਂਸਲਰਾਂ ਨੂੰ ਮੁਹੱਈਆ ਕਰਵਾਇਆ ਜਾਵੇ ਤਾਂ ਕਿ ਲੋੜ ਮੁਤਾਬਕ ਛੋਟੇ-ਮੋਟੇ ਜ਼ਰੂਰੀ ਕੰਮ ਸਮੇਂ ’ਤੇ ਕਰਵਾਏ ਜਾ ਸਕਣ ਅਤੇ ਵਾਰਡ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਮਿਸ਼ਨਰ ਸੁਰਿੰਦਰ ਸਿੰਘ ਸਿੰਗਲਾ ਨੇ ਕੌਂਸਲਰਾਂ ਨੂੰ ਭਰੋਸਾ ਦਿੱਤਾ ਕਿ ਉਹ ਦੋਵਾਂ ਮਾਮਲਿਆਂ ’ਤੇ ਜਲਦ ਕਾਰਵਾਈ ਕਰਨਗੇ। ਇਸ ਮੌਕੇ ਕੌਂਸਲਰ ਸਰਬਜੀਤ ਕੌਰ, ਬਲਰਾਜ ਠਾਕੁਰ, ਨਿਰਮਲ ਕੁਮਾਰ, ਵਿਕਾਸ ਤਲਵਾੜ, ਕੌਂਸਲਰ ਪਤੀ ਮਹਿੰਦਰ ਸਿੰਘ ਗੁੱਲੂ, ਕੌਂਸਲਰ ਪਤੀ ਸਲਿਲ ਬਾਹਰੀ, ਕੌਂਸਲਰ ਪੁੱਤਰ ਜਤਿੰਦਰ ਜੌਨੀ ਸਮੇਤ ਹੋਰ ਮੌਜੂਦ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
