ਯੂ. ਕੇ. ਦੇ ਇਕ ਸਾਬਕਾ ਵਕੀਲ ਨੇ ਕੋਰੋਨਾ ਖ਼ਿਲਾਫ਼ ਜਿੱਤੀ ਜੰਗ, 306 ਦਿਨਾਂ ਬਾਅਦ ਹਸਪਤਾਲ ਤੋਂ ਪਰਤਿਆ ਘਰ

01/22/2021 4:44:45 PM

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਜ਼ਿੰਦਗੀ ਵਿਚ ਕਿਸੇ ਵੀ ਮਕਸਦ ਨੂੰ ਪਾਉਣ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਹੌਂਸਲੇ ਦ੍ਰਿੜ ਇਰਾਦੇ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ਹੀ ਹੌਂਸਲੇ ਦੀ ਮਿਸਾਲ ਯੂ. ਕੇ. ਦੇ ਇਕ 74 ਸਾਲਾ ਸਾਬਕਾ ਵਕੀਲ ਨੇ ਕੋਰੋਨਾ ਵਾਇਰਸ ਨੂੰ ਤਕਰੀਬਨ 306 ਦਿਨਾਂ 'ਚ ਮਾਤ ਦੇ ਕੇ ਕਾਇਮ ਕੀਤੀ ਹੈ। 

ਜੈਫਰੀ ਵੂਲਫ ਨਾਮ ਦਾ ਇਹ ਸੇਵਾਮੁਕਤ ਵਕੀਲ ਜੋ ਮਹਾਮਾਰੀ ਦੇ ਸ਼ੁਰੂਆਤੀ ਹਫ਼ਤਿਆਂ ਵਿਚ ਵਾਇਰਸ ਨਾਲ ਪੀੜਤ ਹੋਣ ਦੇ ਬਾਅਦ ਹਸਪਤਾਲ ਵਿਚ ਦਾਖ਼ਲ ਹੋਇਆ ਸੀ, 306 ਦਿਨਾਂ ਬਾਅਦ ਵੀਰਵਾਰ ਨੂੰ ਘਰ ਪਰਤਿਆ ਹੈ। ਪਿਛਲੇ ਸਾਲ ਮਾਰਚ ਮਹੀਨੇ ਬੀਮਾਰ ਹੋਣ ਤੋਂ ਬਾਅਦ ਹਸਪਤਾਲ ਭਰਤੀ ਹੋਏ ਵੂਲਫ ਨੂੰ ਹਸਪਤਾਲ ਵਿਚ ਕਿਸੇ ਵੀ ਕੋਵਿਡ ਮਰੀਜ਼ ਨਾਲੋਂ ਲੰਬਾ ਸਮਾਂ ਬਿਤਾਉਣ ਵਾਲਾ ਪੀੜਤ ਮੰਨਿਆ ਜਾਂਦਾ ਹੈ। 

ਬੀਮਾਰੀ ਦੀ ਸ਼ੁਰੂਆਤੀ ਦਿਨਾਂ ਵਿਚ ਵਾਈਟਿੰਗਟਨ ਹਸਪਤਾਲ ਵਿਚੋਂ ਗੰਭੀਰ ਦੇਖਭਾਲ ਇਕਾਈ ਤੋਂ ਛੁੱਟੀ ਮਿਲਣ ਤੋਂ ਬਾਅਦ ਵੂਲਫ ਲੰਡਨ ਦੇ ਪੁਟਨੀ ਸਥਿਤ ਰਾਇਲ ਹਸਪਤਾਲ ਵਿਚ ਵਾਇਰਸ ਕਾਰਨ ਦਿਮਾਗ 'ਤੇ ਪਏ ਪ੍ਰਭਾਵ ਨਾਲ ਹੋਏ ਅਧਰੰਗ ਦਾ ਵੀ ਇਲਾਜ ਕਰਵਾ ਰਿਹਾ ਸੀ। ਕੋਰੋਨਾ ਵਾਇਰਸ ਦੇ ਇਲਾਜ ਵਾਲੇ ਸ਼ੁਰੂਆਤੀ 127 ਦਿਨਾਂ ਦੌਰਾਨ ਵੂਲਫ 67 ਦਿਨ ਵੈਂਟੀਲੇਟਰ 'ਤੇ ਰਹੇ ਅਤੇ ਵਾਇਰਸ ਕਾਰਨ ਹੋਏ ਆਪਣੇ ਅਧਰੰਗ ਦੇ ਇਲਾਜ ਲਈ ਦੂਜੇ ਹਸਪਤਾਲ ਵਿਚ ਤਬਦੀਲ ਹੋਣ ਵੇਲੇ ਵੂਲਫ ਨੇ ਹਸਪਤਾਲ ਸਟਾਫ਼ ਦੀ ਪ੍ਰਸ਼ੰਸਾ ਵੀ ਕੀਤੀ। ਅਖੀਰ ਵਿਚ 306 ਦਿਨਾਂ ਦੇ ਲੰਮੇ ਅਰਸੇ ਬਾਅਦ ਆਪਣਾ ਇਲਾਜ ਪੂਰਾ ਕਰਵਾ ਕੇ ਉੱਤਰੀ ਲੰਡਨ ਦੇ ਹੋਲੋਵੇ ਸਥਿਤ ਆਪਣੇ ਘਰ ਆ ਵੂਲਫ ਨੇ ਆਜ਼ਾਦੀ ਮਹਿਸੂਸ ਕਰਦਿਆਂ ਆਪਣੀ ਖੁਸ਼ੀ ਪ੍ਰਗਟ ਕੀਤੀ।


Lalita Mam

Content Editor

Related News