ਬ੍ਰਿਟੇਨ ਚੋਣਾਂ : ਲੇਬਰ ਪਾਰਟੀ ਪ੍ਰਚੰਡ ਬਹੁਮਤ ਵੱਲ, ਸੁਨਕ ਨੇ ਕੀਰ ਸਟਾਰਮਰ ਨੂੰ ਦਿੱਤੀ ਜਿੱਤ ਦੀ ਵਧਾਈ
Friday, Jul 05, 2024 - 10:13 AM (IST)
ਲੰਡਨ (ਯੂ. ਐੱਨ. ਆਈ.): ਯੂ.ਕੇ ਚੋਣਾਂ ਲਈ ਸ਼ੁੱਕਰਵਾਰ ਨੂੰ ਵੋਟਾਂ ਦੀ ਗਿਣਤੀ ਜਾਰੀ ਹੈ। ਐਗਜ਼ਿਟ ਪੋਲ ਮੁਤਾਬਕ ਮੁੱਖ ਵਿਰੋਧੀ ਲੇਬਰ ਪਾਰਟੀ ਸ਼ਾਨਦਾਰ ਜਿੱਤ ਵੱਲ ਵਧ ਰਹੀ ਹੈ। ਸ਼ੁਰੂਆਤੀ ਨਤੀਜਿਆਂ 'ਚ ਲੇਬਰ ਪਾਰਟੀ ਨੇ 318 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ ਜਦਕਿ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਹੁਣ ਤੱਕ ਸਿਰਫ 67 ਸੀਟਾਂ ਹੀ ਜਿੱਤ ਸਕੀ ਹੈ। ਹੁਣ ਤੱਕ 650 ਵਿੱਚੋਂ 454 ਸੀਟਾਂ ਲਈ ਨਤੀਜੇ ਐਲਾਨੇ ਜਾ ਚੁੱਕੇ ਹਨ। ਹੁਣ ਤੱਕ ਲਿਬਰਲ ਡੈਮੋਕਰੇਟਸ ਨੇ 32 ਸੀਟਾਂ, ਸਕੌਟਿਸ਼ ਨੈਸ਼ਨਲ ਪਾਰਟੀ ਨੇ ਚਾਰ ਸੀਟਾਂ ਅਤੇ ਰਿਫਾਰਮ ਯੂ.ਕੇ ਨੇ ਚਾਰ ਸੀਟਾਂ ਜਿੱਤੀਆਂ ਹਨ। ਜਦੋਂ ਕਿ ਗ੍ਰੀਨ ਪਾਰਟੀ ਹੁਣ ਤੱਕ ਸਿਰਫ਼ ਇੱਕ ਸੀਟ ਜਿੱਤ ਸਕੀ ਹੈ।
ਬ੍ਰਿਟੇਨ ਦੀਆਂ ਚੋਣਾਂ ਨਾਲ ਸਬੰਧਤ ਸਾਰੇ ਵੱਡੇ ਅਪਡੇਟਸ
- ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਮ ਚੋਣਾਂ 'ਚ ਪਾਰਟੀ ਦੇ ਖਰਾਬ ਪ੍ਰਦਰਸ਼ਨ ਵਿਚਕਾਰ ਆਪਣੀ ਹਾਰ ਸਵੀਕਾਰ ਕਰ ਲਈ ਹੈ। ਇਸ ਹਾਰ ਦੀ ਜ਼ਿੰਮੇਵਾਰੀ ਉਸ ਨੇ ਖੁਦ ਲਈ ਹੈ। ਉਸ ਨੇ ਕਿਹਾ ਕਿ ਮੈਂ ਇਸ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ ਅਤੇ ਕੀਅਰ ਸਟਾਰਮਰ ਨੂੰ ਜਿੱਤ 'ਤੇ ਵਧਾਈ ਦਿੰਦਾ ਹਾਂ।
-ਸਕਾਟਲੈਂਡ ਵਿੱਚ ਵੀ ਲੇਬਰ ਪਾਰਟੀ ਦੀ ਭਾਰੀ ਜਿੱਤ ਦੇ ਆਸਾਰ ਹਨ। ਸੂਤਰਾਂ ਮੁਤਾਬਕ ਲੇਬਰ ਪਾਰਟੀ ਉਥੇ 30 ਤੋਂ ਵੱਧ ਸੀਟਾਂ ਜਿੱਤ ਸਕਦੀ ਹੈ। ਲੇਬਰ ਪਾਰਟੀ ਦੇ ਸਕਾਟਿਸ਼ ਨੇਤਾ ਅਨਸ ਅਨਵਰ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਸਕਾਟਲੈਂਡ 'ਚ ਵੀ ਸਾਨੂੰ ਬਹੁਮਤ ਮਿਲੇਗਾ। ਇਹ ਤਬਦੀਲੀ ਦਾ ਦੌਰ ਹੈ। ਸਾਡੀ ਪਹਿਲੀ ਤਰਜੀਹ ਕੰਜ਼ਰਵੇਟਿਵ ਸਰਕਾਰ ਦੇ 14 ਸਾਲਾਂ ਦੇ ਸ਼ਾਸਨ ਨੂੰ ਖਤਮ ਕਰਨਾ ਹੈ, ਜਿਸ ਨੇ ਦੇਸ਼ ਨੂੰ ਨੁਕਸਾਨ ਪਹੁੰਚਾਇਆ ਹੈ। ਭਲਕੇ ਤੋਂ ਜ਼ਰੂਰੀ ਕੰਮ ਸ਼ੁਰੂ ਹੋ ਜਾਣਗੇ। ਸਾਡਾ ਅਗਲਾ ਕਦਮ 2026 ਵਿੱਚ ਸਕਾਟਿਸ਼ ਸੰਸਦੀ ਚੋਣਾਂ 'ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ।
- ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਨੇ ਕਿਹਾ ਕਿ ਵੋਟਰਾਂ ਨੇ ਫ਼ੈਸਲਾ ਦਿੱਤਾ ਹੈ ਕਿ ਉਹ ਬਦਲਾਅ ਲਈ ਤਿਆਰ ਹਨ। ਸਟਾਰਮਰ ਨੇ ਵੀ ਆਪਣੀ ਸੀਟ ਤੋਂ ਚੋਣ ਜਿੱਤੀ ਹੈ। ਪਾਰਟੀ ਦੀ ਜਿੱਤ ਤੋਂ ਬਾਅਦ ਉਹ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ।
- ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਨਤੀਜਿਆਂ ਮੁਤਾਬਕ ਇਹ ਯਕੀਨੀ ਜਾਪਦਾ ਹੈ ਕਿ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਪ੍ਰਧਾਨ ਮੰਤਰੀ ਬਣ ਜਾਣਗੇ। ਇਸ ਦੇ ਨਾਲ ਹੀ ਹਾਰ ਦੇ ਡਰ ਦੇ ਵਿਚਕਾਰ ਰਿਸ਼ੀ ਸੁਨਕ ਨੇ ਐਲਾਨ ਕੀਤਾ ਹੈ ਕਿ ਉਹ ਭਲਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।
- ਇਸ ਤੋਂ ਪਹਿਲਾਂ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਐਗਜ਼ਿਟ ਪੋਲ ਨੇ ਵੀ ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਭਵਿੱਖਬਾਣੀ ਕੀਤੀ ਸੀ। ਬੀ.ਬੀ.ਸੀ-ਇਪਸੋਸ ਐਗਜ਼ਿਟ ਪੋਲ ਵਿੱਚ, ਕੀਰ ਸਟਾਰਮਰ ਦੀ ਅਗਵਾਈ ਵਾਲੀ ਲੇਬਰ ਪਾਰਟੀ ਨੇ 410 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਹੈ, ਜਦੋਂ ਕਿ ਮੌਜੂਦਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ ਸਿਰਫ 131 ਸੀਟਾਂ ਜਿੱਤਣ ਦਾ ਅਨੁਮਾਨ ਹੈ। ਐਗਜ਼ਿਟ ਪੋਲ 'ਇਪਸੋਸ ਯੂ.ਕੇ' ਦੇ ਸਰਵੇਖਣ ਅਨੁਸਾਰ ਲਿਬਰਲ ਡੈਮੋਕਰੇਟਸ ਦੌੜ ਵਿੱਚ ਤੀਜੇ ਨੰਬਰ 'ਤੇ ਆਉਣ ਅਤੇ ਸਦਨ ਵਿੱਚ 61 ਸੀਟਾਂ ਜਿੱਤਣ ਦਾ ਅਨੁਮਾਨ ਹੈ ਅਤੇ ਨਾਈਜੇਲ ਫਰੇਜ ਦੀ ਅਗਵਾਈ ਵਾਲੀ ਰਿਫਾਰਮ ਯੂ.ਕੇ ਪਾਰਟੀ 13 ਸੀਟਾਂ ਜਿੱਤ ਕੇ ਚੌਥੀ ਸਭ ਤੋਂ ਵੱਡੀ ਪਾਰਟੀ ਬਣਨ ਦਾ ਅਨੁਮਾਨ ਹੈ।
ਸਕਾਟਿਸ਼ ਨੈਸ਼ਨਲ ਪਾਰਟੀ ਨੂੰ 10 ਸੀਟਾਂ ਜਿੱਤਣ ਦੀ ਉਮੀਦ ਹੈ, ਪਲੇਡ ਸਾਈਮਰੂ ਪਾਰਟੀ ਚਾਰ ਸੀਟਾਂ ਜਿੱਤਣ ਦੇ ਰਾਹ 'ਤੇ ਹੈ, ਇੰਗਲੈਂਡ ਅਤੇ ਵੇਲਜ਼ ਦੀ ਗ੍ਰੀਨ ਪਾਰਟੀ ਦੋ ਸੀਟਾਂ ਜਿੱਤਣ ਦੇ ਰਾਹ 'ਤੇ ਹੈ ਅਤੇ ਦੂਜੀਆਂ ਪਾਰਟੀਆਂ 19 ਸੀਟਾਂ ਹਾਸਲ ਕਰਨ ਦੇ ਰਾਹ 'ਤੇ ਹਨ। ਜੇਕਰ ਪੋਲ ਸਹੀ ਹੁੰਦੀ ਹੈ, ਤਾਂ ਲੇਬਰ ਪਾਰਟੀ ਹਾਊਸ ਆਫ ਕਾਮਨਜ਼ ਵਿੱਚ ਬਹੁਮਤ ਹਾਸਲ ਕਰੇਗੀ, ਜਿਸ ਨਾਲ ਕੰਜ਼ਰਵੇਟਿਵ ਸ਼ਾਸਨ ਦਾ 14 ਸਾਲਾਂ ਦਾ ਅੰਤ ਹੋਵੇਗਾ ਅਤੇ ਲੇਬਰ ਨੇਤਾ ਕੀਰ ਸਟਾਰਮਰ ਸੁਨਕ ਦੀ ਥਾਂ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਹੈ।
ਪੜ੍ਹੋ ਇਹ ਅਹਿਮ ਖ਼ਬਰ-18 ਸਾਲ ਬਾਅਦ ਸਾਊਦੀ ਤੋਂ ਰਿਹਾਅ ਹੋਵੇਗਾ ਭਾਰਤੀ, ਜਾਣੋ ਪੂਰਾ ਮਾਮਲਾ
ਬਹੁਮਤ ਦਾ ਅੰਕੜਾ ਕੀ ਹੈ?
ਹਾਊਸ ਆਫ ਕਾਮਨਜ਼ ਵਿਚ 650 ਸੰਸਦ ਮੈਂਬਰਾਂ ਨਾਲ ਬਹੁਮਤ ਵਾਲੀ ਸਰਕਾਰ ਬਣਾਉਣ ਲਈ ਕਿਸੇ ਪਾਰਟੀ ਨੂੰ 326 ਸੀਟਾਂ ਚਾਹੀਦੀਆਂ ਹਨ। ਹਾਰ ਦੇ ਸੰਕੇਤ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ।
ਕੰਜ਼ਰਵੇਟਿਵ ਪਾਰਟੀ 14 ਸਾਲਾਂ ਤੋਂ ਸੱਤਾ ਵਿੱਚ
ਤੁਹਾਨੂੰ ਦੱਸ ਦੇਈਏ ਕਿ ਕੰਜ਼ਰਵੇਟਿਵ ਪਾਰਟੀ ਪਿਛਲੇ 14 ਸਾਲਾਂ ਤੋਂ ਸੱਤਾ ਵਿੱਚ ਹੈ। ਇਸ ਸਮੇਂ ਦੌਰਾਨ, ਯੂਨਾਈਟਿਡ ਕਿੰਗਡਮ ਨੇ 5 ਪ੍ਰਧਾਨ ਮੰਤਰੀਆਂ ਨੂੰ ਦੇਖਿਆ ਹੈ। 2010 ਵਿੱਚ ਆਮ ਚੋਣਾਂ ਵਿੱਚ ਕੰਜ਼ਰਵੇਟਿਵਾਂ ਦੀ ਜਿੱਤ ਤੋਂ ਬਾਅਦ ਡੇਵਿਡ ਕੈਮਰਨ ਪ੍ਰਧਾਨ ਮੰਤਰੀ ਬਣੇ ਸਨ। ਇਸ ਤੋਂ ਬਾਅਦ 2015 ਦੀਆਂ ਯੂਕੇ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕੀਤੀ ਅਤੇ ਕੈਮਰੂਨ ਫਿਰ ਤੋਂ ਪ੍ਰਧਾਨ ਮੰਤਰੀ ਬਣੇ। ਪਰ 2016 ਵਿੱਚ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ। ਉਨ੍ਹਾਂ ਦੀ ਥਾਂ 'ਤੇ ਕੰਜ਼ਰਵੇਟਿਵਾਂ ਨੇ ਟੇਰੇਸਾ ਮੇਅ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ। ਉਹ 2019 ਤੱਕ ਇਸ ਅਹੁਦੇ 'ਤੇ ਰਹੀ। 2019 ਵਿੱ, ਬੋਰਿਸ ਜੌਨਸਨ ਯੂ.ਕੇ ਦੇ ਪ੍ਰਧਾਨ ਮੰਤਰੀ ਬਣੇ। ਫਿਰ ਵਿਚਕਾਰ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ ਅਤੇ ਲਿਜ਼ ਟਰਸ ਪ੍ਰਧਾਨ ਮੰਤਰੀ ਬਣ ਗਏ। ਪਰ ਉਹ ਸਿਰਫ਼ 50 ਦਿਨ ਹੀ ਅਹੁਦੇ 'ਤੇ ਰਹਿ ਸਕੀ। ਉਨ੍ਹਾਂ ਦੀ ਥਾਂ 'ਤੇ ਰਿਸ਼ੀ ਸੁਨਕ ਪ੍ਰਧਾਨ ਮੰਤਰੀ ਬਣੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।