ਯੂ.ਕੇ. ਚੋਣਾਂ 2019 : ਪੀ.ਐਮ. ਜਾਨਸਨ ਲਈ ਵੱਡੀ ਚੁਣੌਤੀ

Monday, Dec 09, 2019 - 11:17 PM (IST)

ਯੂ.ਕੇ. ਚੋਣਾਂ 2019 : ਪੀ.ਐਮ. ਜਾਨਸਨ ਲਈ ਵੱਡੀ ਚੁਣੌਤੀ

ਲੰਡਨ (ਏਜੰਸੀ)- 5 ਸਾਲ ਦੀ ਉਮਰ ਵਿਚ ਜਦੋਂ ਅਲੀ ਮਿਲਾਨੀ ਈਰਾਨ ਤੋਂ ਬ੍ਰਿਟੇਨ ਆਏ ਸਨ ਤਾਂ ਉਨ੍ਹਾਂ ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਸੀ। ਹੁਣ 20 ਸਾਲ ਬਾਅਦ ਉਹ ਇਸ ਹਫਤੇ ਹੋਣ ਵਾਲੀਆਂ ਆਮ ਚੋਣਾਂ ਵਿਚ ਪੀ.ਐਮ. ਬੋਰਿਸ ਜਾਨਸਨ ਲਈ ਸਭ ਤੋਂ ਵੱਡੀ ਚੁਣੌਤੀ ਬਣ ਕੇ ਉਭਰੇ ਹਨ। ਮੁੱਖ ਵਿਰੋਧੀ ਲੇਬਰ ਪਾਰਟੀ ਦੇ ਉਮੀਦਵਾਰ ਮਿਲਾਨੀ ਵੈਸਟ ਲੰਡਨ ਦੇ ਅਕਸਬ੍ਰਿਜ ਅਤੇ ਸਾਊਥ ਰਾਈਸਲਿਪ ਚੋਣ ਖੇਤਰ ਵਿਚ ਜਾਨਸਨ ਨੂੰ ਹਰਾਉਣ ਦਾ ਦਮ ਭਰ ਰਹੇ ਹਨ। ਖਾਸ ਗੱਲ ਇਹ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਜਾਨਸਨ 2017 ਵਿਚ ਇਸ ਸੀਟ 'ਤੇ ਸਿਰਫ 5034 ਵੋਟਾਂ ਨਾਲ ਜਿੱਤੇ ਸਨ। 1924 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਕੋਈ ਪ੍ਰਧਾਨ ਮੰਤਰੀ ਆਪਣੇ ਚੋਣ ਖੇਤਰ ਤੋਂ ਇੰਨੀਆਂ ਘੱਟ ਵੋਟਾਂ ਨਾਲ ਜਿੱਤਿਆ ਸੀ।

ਹਾਲਾਂਕਿ ਰਾਜਨੀਤਕ ਮਾਹਰ ਜਾਨਸਨ ਦੀ ਹਾਰ ਨੂੰ ਅਸੰਭਵ ਦੱਸ ਰਹੇ ਹਨ ਪਰ ਖੁਦ ਨੂੰ ਸਥਾਨਕ ਉਮੀਦਵਾਰ ਵਜੋਂ ਪੇਸ਼ ਕਰ ਰਹੇ ਮਿਲਾਨੀ ਵੋਟਰਾਂ ਨੂੰ ਆਪਣੇ ਪੱਖ ਵਿਚ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ। ਅਕਸਬ੍ਰਿਜ ਮਾਰਡਨ ਬਰੂਨੇਲ ਯੂਨੀਵਰਸਿਟੀ ਤੋਂ ਗ੍ਰੈਜੂਏਟ ਮਿਲਾਨੀ ਮੁਸਲਿਮ ਧਰਮਾਵਲੰਬੀ ਹੋਣ ਦੇ ਨਾਲ ਹੀ ਨੈਸ਼ਨਲ ਯੂਨੀਅਨ ਆਫ ਸਟੂਡੈਂਟਸ ਦੇ ਸੀਨੀਅਰ ਮੈਂਬਰ ਰਹੇ ਹਨ। ਮਿਲਾਨੀ ਤੋਂ 30 ਸਾਲ ਵੱਡੇ ਜਾਨਸਨ ਲੰਡਨ ਦੇ ਮੇਅਰ ਰਹਿਣ ਦੇ ਨਾਲ ਹੀ ਬ੍ਰਿਟੇਨ ਦੇ ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਹਨ। ਪ੍ਰਸਿੱਧ ਏਟਨ ਸਕੂਲ ਵਿਚ ਸ਼ੁਰੂਆਤੀ ਪੜ੍ਹਾਈ ਕਰਨ ਵਾਲੇ ਜਾਨਸਨ ਨੇ ਇਤਿਹਾਸਕ ਆਕਸਫੋਰਡ ਯੂਨੀਵਰਸਿਟੀ ਵਿਚ ਗ੍ਰੀਕ ਅਤੇ ਲੈਟਿਨ ਭਾਸ਼ਾ ਦਾ ਵੀ ਅਧਿਐਨ ਕੀਤਾ ਹੈ।

ਬ੍ਰਿਟੇਨ ਵਿਚ ਵੀਰਵਾਰ ਨੂੰ ਹੋਣ ਵਾਲੀ ਵੋਟਿੰਗ ਵੈਸੇ ਤਾਂ ਬ੍ਰੈਗਜ਼ਿਟ ਦੇ ਪਿਛੋਕੜ 'ਤੇ ਹੀ ਹੋਵੇਗਾ, ਪਰ ਸਥਾਨਕ ਮੁੱਦਿਆਂ ਦੇ ਮਹੱਤਵ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ। ਇਹ ਗੱਲ ਠੀਕ ਹੈ ਕਿ ਜਿਸ ਚੋਣ ਖੇਤਰ ਵਿਚ ਜਾਨਸਨ ਕਿਸਮਤ ਅਜ਼ਮਾ ਰਹੇ ਹਨ ਉਥੇ ਕੰਜ਼ਰਵੇਟਿਵ ਪਾਰਟੀ ਦੀ ਪ੍ਰਭੂਸੱਤਾ ਹੈ, ਪਰ ਆਮ ਲੋਕ ਸਥਾਨਕ ਹਸਪਤਾਲਾਂ ਤੋਂ ਖੁਸ਼ ਨਹੀਂ ਹਨ। ਆਈ.ਟੀ. ਕੰਪਨੀ ਵਿਚ ਕੰਮ ਕਰਨ ਵਾਲੇ 42 ਸਾਲ ਦੇ ਮਾਈਕਲ ਫ੍ਰਿਟਾਸ ਨੇ ਕਿਹਾ ਕਿ ਖੇਤਰ ਵਿਚ ਨੌਜਵਾਨਾਂ ਦੀ ਸਥਿਤੀ ਚੰਗੀ ਨਹੀਂ ਹੈ ਅਤੇ ਜਾਨਸਨ ਨੇ ਸਥਾਨਕ ਲੋਕਾਂ ਤੋਂ ਉਮੀਦ ਕੀਤੀ ਹੈ।
 


author

Sunny Mehra

Content Editor

Related News