ਯੂ. ਕੇ. ਨੂੰ ਇਸ ਸਾਲ ਕਰਨਾ ਪੈ ਸਕਦੈ ਦੂਜੀ ਵੱਡੀ ਆਰਥਿਕ ਮੰਦੀ ਦਾ ਸਾਹਮਣਾ
Saturday, Nov 07, 2020 - 06:01 PM (IST)
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਇਸ ਸਾਲ ਵਿਚ ਕੋਰੋਨਾ ਵਾਇਰਸ ਨੇ ਸੰਸਾਰ ਦੇ ਸ਼ਕਤੀਸ਼ਾਲੀ ਦੇਸ਼ਾਂ ਦੀ ਆਰਥਿਕਤਾ ਨੂੰ ਵੀ ਹਿਲਾ ਦਿੱਤਾ ਹੈ ਜਿਨ੍ਹਾਂ ਵਿਚ ਯੂ. ਕੇ. ਵੀ ਸ਼ਾਮਲ ਹੈ। ਯੂ. ਕੇ. ਇਸ ਸਮੇਂ ਦੂਜੀ ਤਾਲਾਬੰਦੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਯੂਰਪੀਅਨ ਕਮਿਸ਼ਨ ਦਾ ਅਨੁਮਾਨ ਹੈ ਕਿ ਬ੍ਰਿਟਿਸ਼ ਆਰਥਿਕਤਾ 2020 ਵਿਚ 10.3 ਫੀਸਦੀ ਤੱਕ ਘੱਟ ਜਾਵੇਗੀ, ਜਿਸ ਦਾ ਮੁੱਖ ਕਾਰਨ ਕੋਰੋਨਾ ਵਾਇਰਸ ਮਹਾਮਾਰੀ ਹੋਵੇਗੀ। ਕਮਿਸ਼ਨ ਦੀ ਭਵਿੱਖਬਾਣੀ ਅਨੁਸਾਰ ਅਗਲੇ ਸਾਲ ਇਸ ਵਿਚ ਮਾਮੂਲੀ ਉਛਾਲ ਆਉਣ ਦੀ ਉਮੀਦ ਹੈ, ਹਾਲਾਂਕਿ ਯੂਰਪੀਅਨ ਯੂਨੀਅਨ ਅਤੇ ਯੂ. ਕੇ. ਵਿਚ ਵਪਾਰਿਕ ਸਮਝੌਤਾ ਇਕ ਹੱਦ ਤੱਕ ਇਸ ਦੀ ਰਿਕਵਰੀ ਨੂੰ ਠੰਢਾ ਕਰ ਦੇਵੇਗਾ।
ਆਰਥਿਕਤਾ ਦੀ ਆਊਟਪੁੱਟ 2022 ਦੇ ਅੰਤ ਤੱਕ ਮਹਾਮਾਰੀ ਦੇ ਪਹਿਲਾਂ ਦੇ ਪੱਧਰ ਤੋਂ ਹੇਠਾਂ ਰਹੇਗੀ। ਮਾਹਰਾਂ ਵੱਲੋਂ ਬ੍ਰਿਟਿਸ਼ ਆਰਥਿਕਤਾ ਦੀ 2021 ਵਿਚ 3.3 ਪ੍ਰਤੀਸ਼ਤ ਅਤੇ 2022 ਵਿਚ 2.1 ਫੀਸਦੀ ਤੱਕ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ ਜੋ ਕਿ ਦੋਵਾਂ ਸਾਲਾਂ ਵਿਚ ਯੂਰਪੀਅਨ ਯੂਨੀਅਨ ਦੀ ਔਸਤ ਨਾਲੋਂ ਇਕ ਫੀਸਦੀ ਘੱਟ ਹੈ। ਇਸ ਦੇ ਨਾਲ ਹੀ ਬੇਰੁਜ਼ਗਾਰੀ ਦਰ ਵੀ ਯੂਰਪੀਅਨ ਔਸਤ ਤੋਂ 5.0 ਫੀਸਦੀ ਦੇ ਹੇਠਾਂ ਰਹਿਣ ਦੀ ਉਮੀਦ ਹੈ ਪਰ ਅਗਲੇ ਸਾਲ ਇਹ ਫਰਲੋ ਸਕੀਮ ਦੇ ਖਤਮ ਹੋਣ ਕਾਰਨ ਇਹ 7.3 ਫੀਸਦੀ ਤੱਕ ਪਹੁੰਚ ਜਾਵੇਗੀ।
ਇਸ ਦੇ ਇਲਾਵਾ 'ਬੈਂਕ ਆਫ਼ ਇੰਗਲੈਂਡ' ਨੇ ਦੂਸਰੀ ਤਾਲਾਬੰਦੀ ਨੂੰ ਨਜਿੱਠਣ ਲਈ 150 ਬਿਲੀਅਨ ਪੌਂਡ ਦੇ ਭਾਰੀ ਪੈਕੇਜ ਦੀ ਘੋਸ਼ਣਾ ਕੀਤੀ ਹੈ। ਸੰਸਾਰ ਦੀਆਂ ਹੋਰ ਵੱਡੀਆਂ ਅਰਥਵਿਵਸਥਾਵਾਂ ਵਿਚ ਵੀ ਇਸੇ ਤਰ੍ਹਾਂ ਘਾਟੇ ਹੋਣ ਦੀ ਉਮੀਦ ਹੈ, ਫਰਾਂਸ ਅਤੇ ਇਟਲੀ ਦੀ ਕ੍ਰਮਵਾਰ 9.4 ਫੀਸਦੀ ਅਤੇ 9.9 ਫੀਸਦੀ ਦੀ ਉਮੀਦ ਹੈ। ਇਸ ਦੇ ਉਲਟ, ਜਰਮਨੀ ਵਿਚ 5.6 ਫੀਸਦੀ ਦੀ ਗਿਰਾਵਟ ਆ ਸਕਦੀ ਹੈ।