ਯੂਕੇ : ਪ੍ਰੀਤ ਗਿੱਲ ਤੇ ਸਕਾਟਿਸ਼ ਲੇਬਰ ਪ੍ਰਮੁੱਖ ਅਨਸ ਸਰਵਰ ਵੱਲੋਂ ਸਿੱਖ ਭਾਈਚਾਰੇ ਨਾਲ ਸੰਵਾਦ

Tuesday, Jul 18, 2023 - 02:17 PM (IST)

ਯੂਕੇ : ਪ੍ਰੀਤ ਗਿੱਲ ਤੇ ਸਕਾਟਿਸ਼ ਲੇਬਰ ਪ੍ਰਮੁੱਖ ਅਨਸ ਸਰਵਰ ਵੱਲੋਂ ਸਿੱਖ ਭਾਈਚਾਰੇ ਨਾਲ ਸੰਵਾਦ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਲੇਬਰ ਪਾਰਟੀ ਵੱਲੋਂ ਆਪਣੀਆਂ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਂਦਿਆਂ ਸਕਾਟਲੈਂਡ ਦੇ ਵੱਖ-ਵੱਖ ਭਾਈਚਾਰਿਆਂ ਨਾਲ ਮਿਲਣੀਆਂ ਦਾ ਦੌਰ ਆਰੰਭਿਆ ਹੋਇਆ ਹੈ। ਇਸੇ ਲੜੀ ਤਹਿਤ ਲੇਬਰ ਪਾਰਟੀ ਦੀ ਸ਼ੈਡੋ ਸੈਕਰੇਟਰੀ ਫੌਰ ਇੰਟਰਨੈਸ਼ਨਲ ਡਿਵੈੱਲਪਮੈਂਟ ਪ੍ਰੀਤ ਗਿੱਲ ਤੇ ਸਕਾਟਿਸ਼ ਲੇਬਰ ਪਾਰਟੀ ਪ੍ਰਧਾਨ ਅਨਸ ਸਰਵਰ ਵੱਲੋਂ ਗਲਾਸਗੋ ਸਥਿਤ ਸਿੱਖ ਭਾਈਚਾਰੇ ਨਾਲ ਸੰਵਾਦ ਰਚਾਇਆ ਗਿਆ। ਪ੍ਰੀਤ ਗਿੱਲ ਤੇ ਅਨਸ ਸਰਵਰ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਕਾਨਫਰੰਸ ਹਾਲ ਵਿੱਚ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ। 

PunjabKesari

ਸਮਾਗਮ ਦੀ ਸ਼ੁਰੂਆਤ ਗੁਰਸਿੰਦਰ ਕੌਰ ਭੰਡਾਲ ਵੱਲੋਂ ਸਵਾਗਤੀ ਸ਼ਬਦਾਂ ਨਾਲ ਹੋਈ। ਇਸ ਉਪਰੰਤ ਸਕਾਟਿਸ਼ ਲੇਬਰ ਪ੍ਰਧਾਨ ਅਨਸ ਸਰਵਰ ਨੇ ਆਪਣੀ ਪਾਰਟੀ ਦੀਆਂ ਨੀਤੀਆਂ ਬਾਰੇ ਬੋਲਦਿਆਂ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਗਰਮ ਸਿਆਸਤ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ। ਪ੍ਰੀਤ ਗਿੱਲ ਨੇ ਬੋਲਦਿਆਂ ਕਿਹਾ ਕਿ ਸਾਡੇ ਮਾਪਿਆਂ ਨੇ ਸਾਨੂੰ ਸਰਬੱਤ ਦੇ ਭਲੇ ਦਾ ਹੀ ਪਾਠ ਪੜ੍ਹਾਇਆ ਹੈ। ਲੇਬਰ ਪਾਰਟੀ ਨਾਲ ਜੁੜ ਕੇ ਉਸ ਸੋਚ ਨੂੰ ਵਿਸ਼ਵ ਪੱਧਰ 'ਤੇ ਲਾਗੂ ਕਰਨ ਵਿੱਚ ਆਪਣੇ ਵੱਲੋਂ ਨਿਮਾਣੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਭਾਈਚਾਰੇ ਦੇ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕਰਦਿਆਂ ਲੇਬਰ ਪਾਰਟੀ ਦੇ ਸਾਥੀ ਬਣਨ ਲਈ ਕਿਹਾ। 

PunjabKesari

ਕਾਰੋਬਾਰੀ ਤੇ ਸਾਬਕਾ ਕੌਂਸਲਰ ਸੋਹਣ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੀਤ ਗਿੱਲ ਤੇ ਅਨਸ ਸਰਵਰ ਲੇਬਰ ਪਾਰਟੀ ਲਈ ਅਥਾਹ ਕਾਰਜ ਕਰ ਰਹੇ ਹਨ। ਉਹਨਾਂ ਆਸ ਪ੍ਰਗਟ ਕੀਤੀ ਕਿ ਪ੍ਰੀਤ ਗਿੱਲ ਆਉਣ ਵਾਲੀ ਸਰਕਾਰ ਵਿੱਚ ਸ਼ੈਡੋ ਕੈਬਨਿਟ ਦੀ ਬਜਾਏ ਲੇਬਰ ਸਰਕਾਰ ਦੀ ਕੈਬਨਿਟ ਵਿੱਚ ਅਤੇ ਅਨਸ ਸਰਵਰ ਸਕਾਟਲੈਂਡ ਦੇ ਫਸਟ ਮਨਿਸਟਰ ਬਣ ਕੇ ਸੇਵਾਵਾਂ ਨਿਭਾਉਣਗੇ। ਉਹਨਾਂ ਭਾਈਚਾਰੇ ਦੇ ਲੋਕਾਂ ਨੂੰ ਇਹਨਾਂ ਪ੍ਰਤਿਭਾਸ਼ਾਲੀ ਨੌਜਵਾਨਾਂ ਦਾ ਸਾਥ ਦੇਣ ਦੀ ਬੇਨਤੀ ਕੀਤੀ। ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਚੌਧਰੀ (ਐੱਮ ਬੀ ਈ) ਨੇ ਦੋਵੇਂ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਭਾਈਚਾਰੇ ਨੌਜਵਾਨਾਂ ਨੂੰ ਵੀ ਲੇਬਰ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਢੁਕਵੀਂ ਜਗ੍ਹਾ ਦੇਣ ਲਈ ਤਿਆਰ ਹੋਣ। ਸਿੱਖ ਏਡ ਸਕਾਟਲੈਂਡ ਦੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਸਮਰਾ ਤੇ ਸੁਲੱਖਣ ਸਿੰਘ ਸਮਰਾ ਨੇ ਸੰਬੋਧਨ ਦੌਰਾਨ ਸਿੱਖ ਏਡ ਸਕਾਟਲੈਂਡ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਉਲੇਖ ਕਰਦਿਆਂ ਸੰਸਥਾ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਲਈ ਠੋਸ ਰਣਨੀਤੀ ਬਣਾਉਣ ਲਈ ਬੇਨਤੀ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ-ਜਰਮਨੀ: ਭਾਰਤੀ ਭਾਈਚਾਰੇ ਨੇ ਬੱਚੀ ਅਰਿਹਾ ਦੀ ਦੇਸ਼ ਵਾਪਸੀ ਦੀ ਮੰਗ ਨੂੰ ਲੈ ਕੇ ਕੀਤਾ ਸ਼ਾਂਤਮਈ ਪ੍ਰਦਰਸ਼ਨ

ਇਸ ਸਮੇਂ ਰਚਾਏ ਸੰਵਾਦ ਦੌਰਾਨ ਸਿੱਖ ਨੌਜਵਾਨ ਆਗੂ ਚਰਨਦੀਪ ਸਿੰਘ, ਕੌਂਸਲਰ ਗੁਰਪ੍ਰੀਤ ਸਿੰਘ ਜੌਹਲ, ਰਵਿੰਦਰ ਕੌਰ ਆਦਿ ਵੱਲੋਂ ਪਾਰਟੀ ਆਗੂਆਂ ਨੂੰ ਆਪਣੇ ਸਵਾਲ ਕੀਤੇ। ਪ੍ਰੀਤ ਗਿੱਲ ਤੇ ਅਨਸ ਸਰਵਰ ਵੱਲੋਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਬਹੁਤ ਹੀ ਸੁਖਦ ਮਾਹੌਲ ਵਿੱਚ ਸਮਾਗਮ ਨੂੰ ਨੇਪਰੇ ਚਾੜ੍ਹਿਆ। ਅੰਤ ਵਿੱਚ ਸੈਂਟਰਲ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਖਹਿਰਾ ਵੱਲੋਂ ਲੇਬਰ ਪਾਰਟੀ ਨੇਤਾਵਾਂ ਅਤੇ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਸਮੇਂ ਡਾ: ਇੰਦਰਜੀਤ ਸਿੰਘ (ਐੱਮ ਬੀ ਈ), ਜਸਪਾਲ ਸਿੰਘ ਖਹਿਰਾ, ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਦੀ ਤਰਫੋਂ ਜਿੱਤ ਸਿੰਘ ਮਸਤਾਨ, ਹਰਪਾਲ ਸਿੰਘ (ਮੀਤ ਪ੍ਰਧਾਨ ਸੈਂਟਰਲ ਗੁਰਦੁਆਰਾ ਸਿੰਘ ਸਭਾ), ਨਿਰੰਜਣ ਸਿੰਘ ਬਿਨਿੰਗ, ਵਿਜੈਪਾਲ ਸਿੰਘ ਵਿਰ੍ਹੀਆ, ਰੇਸ਼ਮ ਸਿੰਘ ਲਲਤੋਂ, ਲੀਡਰ ਸਾਹਿਬ, ਜਸਬੀਰ ਸਿੰਘ ਜੌਹਲ, ਕੁਲਵਿੰਦਰ ਕੌਰ, ਸੁਖਵਿੰਦਰ ਕੌਰ ਖਹਿਰਾ, ਸੁਰਿੰਦਰ ਕੌਰ ਪੱਡਾ, ਗੁਰਮੀਤ ਸਿੰਘ ਮੁਲਤਾਨੀ, ਸੁਖਦੇਵ ਸਿੰਘ ਰਾਹੀ, ਡਾ: ਸਤਵੰਤ ਸਿੰਘ ਮੁਲਤਾਨੀ, ਕਸ਼ਮੀਰ ਸਿੰਘ ਉੱਪਲ ਸਮੇਤ ਭਾਰੀ ਗਿਣਤੀ ਵਿੱਚ ਭਾਈਚਾਰੇ ਦੀਆਂ ਸ਼ਖਸੀਅਤਾਂ ਹਾਜ਼ਰ ਸਨ। ਜੈਕਾਰੇ ਦੀ ਗੂੰਜ ਵਿੱਚ ਸਮਾਗਮ ਸੰਪੰਨ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News