ਯੂਕੇ: ਰੋਜ਼ਾਨਾ ਦੇ ਕੋਵਿਡ ਕੇਸਾਂ 'ਚ ਰਿਕਾਰਡ ਵਾਧਾ, ਫਰਵਰੀ ਤੋਂ ਬਾਅਦ ਪਹਿਲੀ ਵਾਰ ਦਰਜ਼ ਹੋਏ 11,007 ਕੇਸ
Friday, Jun 18, 2021 - 11:40 AM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਰੁੱਕ ਨਹੀਂ ਰਿਹਾ ਹੈ। ਇੱਕ ਵਾਰ ਵਾਇਰਸ ਦੇ ਮਾਮਲਿਆਂ ਵਿੱਚ ਖੜੋਤ ਆਉਣ ਦੇ ਬਾਅਦ ਫਿਰ ਤੋਂ ਵਾਇਰਸ ਦੇ ਕੇਸ ਰਫ਼ਤਾਰ ਫੜ ਰਹੇ ਹਨ। ਵਾਇਰਸ ਸਬੰਧੀ ਅੰਕੜਿਆਂ ਅਨੁਸਾਰ ਯੂਕੇ ਵਿੱਚ ਵੀਰਵਾਰ ਨੂੰ ਰੋਜ਼ਾਨਾ ਕੋਵਿਡ ਮਾਮਲਿਆਂ ਦੀ ਗਿਣਤੀ ਫਰਵਰੀ ਤੋਂ ਬਾਅਦ ਪਹਿਲੀ ਵਾਰ 11,000 ਨੂੰ ਪਾਰ ਕਰ ਗਈ ਹੈ। ਵੱਡੀ ਗਿਣਤੀ ਵਿੱਚ ਕੋਰੋਨਾ ਮਾਮਲੇ ਸਾਹਮਣੇ ਆਉਣ ਦੇ ਬਾਅਦ ਸਰਕਾਰ ਵੱਲੋਂ ਸ਼ੁੱਕਰਵਾਰ ਤੋਂ ਸਾਰੇ ਬਾਲਗਾਂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਗਈ ਹੈ।
ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਵੀਰਵਾਰ ਨੂੰ 11,007 ਵਾਇਰਸ ਦੇ ਨਵੇਂ ਕੇਸ ਸਾਹਮਣੇ ਆਏ ਹਨ ਜੋ ਕਿ 19 ਫਰਵਰੀ ਤੋਂ ਬਾਅਦ ਸਭ ਤੋਂ ਵੱਧ ਰੋਜ਼ਾਨਾ ਦੀ ਗਿਣਤੀ ਹੈ ਜਦੋਂ ਕਿ 19 ਫਰਵਰੀ ਨੂੰ 12,027 ਲੋਕਾਂ ਨੇ ਸਕਾਰਾਤਮਕ ਟੈਸਟ ਕੀਤੇ ਸਨ। ਇਸਦੇ ਨਾਲ ਹੀ ਟੈਸਟ ਪਾਜ਼ੇਟਿਵ ਆਉਣ ਦੇ 28 ਦਿਨਾਂ ਦੇ ਅੰਦਰ ਅੰਦਰ 19 ਹੋਰ ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਨਾਲ ਦੇਸ਼ ਦੇ ਸਰਕਾਰੀ ਅੰਕੜਿਆਂ ਤਹਿਤ ਮੌਤਾਂ ਦੀ ਗਿਣਤੀ 127,945 'ਤੇ ਪਹੁੰਚ ਗਈ ਹੈ। ਜਦਕਿ, ਯੂਕੇ ਦੀਆਂ ਅੰਕੜਾ ਏਜੰਸੀਆਂ ਦੇ ਅੰਕੜਿਆਂ ਅਤੇ ਮੌਤ ਦੇ ਪ੍ਰਮਾਣ ਪੱਤਰ 'ਤੇ ਮੌਤਾਂ ਦੀ ਕੁੱਲ ਗਿਣਤੀ 152,397 ਦਰਜ ਹੈ।
ਪੜ੍ਹੋ ਇਹ ਅਹਿਮ ਖਬਰ- ਰਿਪੋਰਟ 'ਚ ਦਾਅਵਾ, ਦੁਨੀਆ ਭਰ 'ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ 70 ਲੱਖ ਤੋਂ 1.3 ਕਰੋੜ ਤੱਕ
ਇੰਪੀਰੀਅਲ ਕਾਲਜ ਲੰਡਨ ਦੇ ਅਧਿਐਨ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਇੰਗਲੈਂਡ ਵਿੱਚ ਕੋਰੋਨਾ ਵਾਇਰਸ ਦੇ ਕੇਸ ਹਰ 11 ਦਿਨਾਂ ਵਿੱਚ ਦੁਗਣੇ ਹੋ ਰਹੇ ਹਨ। ਸਿਹਤ ਮਾਹਰਾਂ ਅਨੁਸਾਰ ਵੱਧ ਰਹੇ ਮਾਮਲਿਆਂ ਵਿੱਚ ਜ਼ਿਆਦਾਤਰ ਲੋਕ ਭਾਰਤੀ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਤੋਂ ਪ੍ਰਭਾਵਿਤ ਹਨ। ਜ਼ਿਆਦਾਤਰ ਨਵੇਂ ਕੇਸ 18 ਤੋਂ 24 ਸਾਲ ਦੇ ਬਾਲਗਾਂ ਅਤੇ 5 ਤੋਂ 12 ਸਾਲ ਦੇ ਬੱਚਿਆਂ ਵਿੱਚ ਸਾਹਮਣੇ ਆ ਰਹੇ ਹਨ। 18 ਤੋਂ 24 ਸਾਲ ਦੇ ਬੱਚਿਆਂ ਵਿਚਾਲੇ ਕੇਸ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨਾਲੋਂ ਪੰਜ ਗੁਣਾ ਜ਼ਿਆਦਾ ਨੋਟ ਹੋਏ ਹਨ। ਸਰਕਾਰ ਵੱਲੋਂ ਵਾਇਰਸ ਦੇ ਮਾਮਲਿਆਂ ਵਿੱਚ ਵਾਧੇ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ਵੀ ਜਾਰੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।