ਯੂ. ਕੇ. : ਵੇਲਜ਼ ''ਚ ਕੋਰੋਨਾ ਟੈਸਟ ਕਰਾਉਣ ਲਈ ਲੱਗੀਆਂ ਲੰਮੀਆਂ ਕਤਾਰਾਂ
Monday, Nov 23, 2020 - 09:12 AM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਵੇਲਜ਼ ਵਿਚ ਕੋਵਿਡ-19 ਖ਼ਿਲਾਫ਼ ਮੁਹਿੰਮ ਵਿਚ ਮਾਸ ਟੈਸਟਿੰਗ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਕੋਸ਼ਿਸ਼ ਤਹਿਤ ਮੇਰਥਰ ਟਾਇਡਫਿਲ ਵਿਚ ਸ਼ਨੀਵਾਰ ਨੂੰ ਇੱਕ ਟੈਸਟਿੰਗ ਪ੍ਰਕਿਰਿਆ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਟੈਸਟ ਕਰਵਾਉਣ ਲਈ ਸੈਂਕੜੇ ਲੋਕਾਂ ਦੀਆਂ ਕਤਾਰਾਂ ਲੱਗ ਗਈਆਂ। ਇਸ ਸ਼ੁਰੂ ਕੀਤੀ ਗਈ ਟੈਸਟਿੰਗ ਮੁਹਿੰਮ ਵਿਚ ਕੁੱਲ ਮਿਲਾ ਕੇ 60,000 ਲੋਕਾਂ ਦਾ ਟੈਸਟ ਕੀਤਾ ਜਾ ਸਕਦਾ ਹੈ ਅਤੇ ਅਧਿਕਾਰੀਆਂ ਵੱਲੋਂ ਇਸ ਦੌਰਾਨ ਬਿਨਾਂ ਵਾਇਰਸ ਦੇ ਲੱਛਣਾਂ ਵਾਲੇ ਵਾਸੀਆਂ ਨੂੰ ਵੀ ਟੈਸਟ ਕਰਵਾਉਣ ਦੀ ਖੁੱਲ੍ਹ ਦਿੱਤੀ ਗਈ ਸੀ।
ਸ਼ਨੀਵਾਰ ਨੂੰ ਮੇਰਥਰ ਕੌਸਲ ਨੇ ਜਾਂਚ ਸਾਈਟਾਂ ਅਤੇ ਉਨ੍ਹਾਂ ਦੇ ਸ਼ੁਰੂਆਤੀ ਸਮੇਂ ਦੀ ਪੂਰੀ ਸੂਚੀ ਦਾ ਖੁਲਾਸਾ ਕੀਤਾ, ਜਿਨ੍ਹਾਂ ਵਿਚ ਇਸ ਖੇਤਰ ਦੇ ਵਸਨੀਕ ਜਾਂ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਹੁਣ ਇਕ ਟੈਸਟ ਕਰਵਾ ਸਕਦਾ ਹੈ ਤਾਂ ਜੋ ਵਾਇਰਸ ਦੇ ਫੈਲਣ ਨੂੰ ਰੋਕਣ ਵਿਚ ਸਫਲਤਾ ਮਿਲ ਸਕੇ। ਨਵੰਬਰ ਦੀ ਸ਼ੁਰੂਆਤ ਵਿਚ ਇਸ ਖੇਤਰ ਵਿਚ ਯੂ. ਕੇ. ਦੀ ਸਭ ਤੋਂ ਵੱਧ ਕੋਰੋਨਾ ਵਾਇਰਸ ਦੀ ਦਰ ਸੀ, ਹਾਲਾਂਕਿ ਹੁਣ ਮਾਮਲਿਆਂ ਦੀ ਦਰ ਕੁੱਝ ਘੱਟ ਹੈ ਪਰ ਇਹ ਵੇਲਜ਼ ਵਿਚ ਸਭ ਤੋਂ ਪ੍ਰਭਾਵਿਤ ਖੇਤਰ ਹੈ। ਸ਼ਨੀਵਾਰ ਨੂੰ ਪ੍ਰਕਾਸ਼ਿਤ ਕੀਤੇ ਗਏ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਟਾਇਡਫਿਲ ਵਿਚ ਸੱਤ ਦਿਨਾਂ ਦੀ ਮਿਆਦ ਵਿਚ ਪ੍ਰਤੀ 100,000 (ਇਕ ਲੱਖ) ਆਬਾਦੀ ਪਿੱਛੇ 250.3 ਮਾਮਲੇ ਦਰਜ ਕੀਤੇ ਗਏ ਹਨ।
ਹੁਣ ਇਹ ਕਾਉਂਟੀ ਪਾਇਲਟ ਮਾਸ ਟੈਸਟ ਕਰਨ ਲਈ ਵੇਲਜ਼ ਦਾ ਹਿੱਸਾ ਬਣ ਗਈ ਹੈ ਅਤੇ ਇਸ ਦੌਰਾਨ ਟੈਸਟਿੰਗ ਵਿਚ ਸਹਾਇਤਾ ਕਰਨ ਲਈ 175 ਫ਼ੌਜ ਬਲਾਂ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜੇ ਕਿਸੇ ਵਿਅਕਤੀ ਦਾ ਟੈਸਟ ਪਾਜ਼ੀਟਿਵ ਆਉਂਦਾ ਹੈ ਤਾਂ ਉਸ ਨੂੰ ਤੁਰੰਤ ਘਰ ਵਿਚ ਇਕਾਂਤਵਾਸ ਹੋਣ ਅਤੇ ਇਕ ਹੋਰ ਟੈਸਟ ਦੇਣ ਲਈ ਕਿਹਾ ਜਾਵੇਗਾ।