ਯੂ. ਕੇ. ਨੇ ਕੋਰੋਨਾ ਦੇ ਤੀਜੇ ਟੀਕੇ ਮੋਡੇਰਨਾ ਨੂੰ ਦਿੱਤੀ ਮਨਜ਼ੂਰੀ
Saturday, Jan 09, 2021 - 02:05 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਦੀ ਟੀਕਾਕਰਨ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਇਸ ਦੀਆਂ ਖੁਰਾਕਾਂ ਨੂੰ ਜਲਦੀ ਨਾਲ ਜਿਆਦਾ ਲੋਕਾਂ ਤੱਕ ਪਹੁੰਚਾਉਣ ਲਈ ਫਾਈਜ਼ਰ ਅਤੇ ਆਕਸਫੋਰਡ ਦੇ ਟੀਕਿਆਂ ਤੋਂ ਇਲਾਵਾ ਹੁਣ ਅਮਰੀਕੀ ਕੰਪਨੀ ਮੋਡੇਰਨਾ ਦੇ ਟੀਕੇ ਨੂੰ ਵੀ ਬ੍ਰਿਟਿਸ਼ ਰੈਗੂਲੇਟਰਾ ਦੁਆਰਾ ਦੇਸ਼ ਵਿੱਚ ਕੋਰੋਨਾ ਟੀਕਾਕਰਨ "ਚ ਵਰਤੋਂ ਕਰਨ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਇਸ ਮਨਜ਼ੂਰੀ ਦਾ ਸਵਾਗਤ ਕੀਤਾ ਗਿਆ ਹੈ। ਯੂ. ਕੇ. ਨੇ ਮੋਡੇਰਨਾ ਟੀਕੇ ਦੀਆਂ 17 ਮਿਲੀਅਨ ਖੁਰਾਕਾਂ ਦਾ ਆਰਡਰ ਦਿੱਤਾ ਹੈ ਜੋ ਕਿ ਯੋਜਨਾ ਤੋਂ 10 ਮਿਲੀਅਨ ਜ਼ਿਆਦਾ ਹਨ। ਸਿਹਤ ਅਤੇ ਸਮਾਜਕ ਦੇਖਭਾਲ ਵਿਭਾਗ ਅਨੁਸਾਰ ਮੋਡੇਰਨਾ ਵੈਕਸੀਨ ਦੀ ਸਪਲਾਈ ਬਸੰਤ ਤੱਕ ਹੋਣ ਦੀ ਉਮੀਦ ਹੈ।
ਯੂ. ਕੇ. ਵਿਚ ਫਾਈਜ਼ਰ ਜਾਂ ਆਕਸਫੋਰਡ ਐਸਟ੍ਰਾਜ਼ੇਨੇਕਾ ਦੀਆਂ ਖੁਰਾਕਾਂ ਨਾਲ ਲਗਭਗ 15 ਲੱਖ ਲੋਕਾਂ ਨੂੰ ਕੋਵਿਡ ਟੀਕੇ ਲਗਾਏ ਜਾ ਚੁੱਕੇ ਹਨ। ਯੂ. ਕੇ. ਵਿਚ ਜ਼ਿਆਦਾ ਕਮਜ਼ੋਰ ਲੋਕਾਂ ਨੂੰ ਪਹਿਲਾਂ ਟੀਕੇ ਦਿੱਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਅਨੁਸਾਰ ਯੂ. ਕੇ. ਦਾ ਫਰਵਰੀ ਦੇ ਅੱਧ ਤੱਕ 15 ਮਿਲੀਅਨ ਲੋਕਾਂ ਦਾ ਟੀਕਾਕਰਨ ਕਰਨ ਦਾ ਟੀਚਾ ਹੈ, ਜਿਸ ਵਿਚ ਕੇਅਰ ਹੋਮਜ਼ ਦੇ ਵਸਨੀਕ ਅਤੇ ਸਟਾਫ਼, ਐੱਨ.ਐੱਚ.ਐੱਸ ਦਾ ਫਰੰਟ ਲਾਈਨ ਸਟਾਫ਼, 70 ਸਾਲ ਤੋਂ ਵੱਧ ਉਮਰ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਕਮਜ਼ੋਰ ਲੋਕ ਵੀ ਸ਼ਾਮਲ ਹਨ। ਇਸ ਟੀਕੇ ਨੂੰ ਬਣਾਉਣ ਲਈ 30,000 ਤੋਂ ਵੀ ਵੱਧ ਪ੍ਰੀਖਣਾਂ ਵਿਚ ਮੋਡੇਰਨਾ ਟੀਕੇ ਨੇ ਲਗਭਗ 95 ਫ਼ੀਸਦੀ ਤੱਕ ਦੀ ਸੁਰੱਖਿਆ ਪੇਸ਼ ਕੀਤੀ ਹੈ ਅਤੇ ਇਸ ਨੂੰ ਆਮ ਫ੍ਰੀਜ਼ਰ ਦੇ ਸਮਾਨ -20 C 'ਤੇ ਰੱਖਣ ਦੀ ਜ਼ਰੂਰਤ ਹੁੰਦੀ ਹੈ । ਜ਼ਿਕਰਯੋਗ ਹੈ ਕਿ ਯੂਰਪੀਅਨ ਯੂਨੀਅਨ ਅਤੇ ਅਮਰੀਕਾ ਦੇ ਰੈਗੂਲੇਟਰਾਂ ਨੇ ਪਹਿਲਾਂ ਹੀ ਮੋਡਰਨਾ ਟੀਕੇ ਨੂੰ ਵਰਤੋਂ ਕਰਨ ਲਈ ਮਨਜ਼ੂਰੀ ਦੇ ਚੁੱਕੇ ਹਨ।