ਯੂ. ਕੇ. ''ਚ ਤਾਲਾਬੰਦੀ ਦੇ ਬਾਵਜੂਦ ਕੋਰੋਨਾ ਦੇ ਮਾਮਲੇ ਤੋੜ ਰਹੇ ਰਿਕਾਰਡ
Saturday, Jan 09, 2021 - 01:44 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਵਿਚ ਰਿਕਾਰਡ ਵਾਧਾ ਦਰਜ ਹੋਇਆ ਹੈ। ਇਸ ਸੰਬੰਧੀ ਤਾਜ਼ਾ ਅੰਕੜਿਆਂ ਅਨੁਸਾਰ ਬੀਤੇ ਦਿਨ 1,325 ਮੌਤਾਂ ਦਰਜ ਹੋਈਆਂ ਹਨ ਜੋ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਗਿਣਤੀ ਹੈ। ਸਿਹਤ ਵਿਗਿਆਨੀ ਤੀਜੀ ਰਾਸ਼ਟਰੀ ਤਾਲਾਬੰਦੀ ਦੇ ਬਾਵਜੂਦ ਦੇਸ਼ ਭਰ ਵਿਚ ਰਿਕਾਰਡ ਤੋੜ ਮਾਮਲੇ ਦਰਜ ਹੋਣ ਦਾ ਖਦਸ਼ਾ ਪ੍ਰਗਟ ਕਰ ਰਹੇ ਹਨ।
ਸ਼ੁੱਕਰਵਾਰ ਨੂੰ ਦਰਜ ਹੋਇਆ 1,325 ਮੌਤਾਂ ਦਾ ਇਹ ਅੰਕੜਾ 21 ਅਪ੍ਰੈਲ, 2020 ਨੂੰ ਹੋਈਆਂ 1,232 ਮੌਤਾਂ ਦੇ ਰਿਕਾਰਡ ਨੂੰ ਪਾਰ ਕਰ ਗਿਆ ਹੈ ਅਤੇ ਇਸ ਦੇ ਨਾਲ ਹੀ ਦੇਸ਼ ਵਿਚ ਮੌਤਾਂ ਦੀ ਕੁੱਲ ਗਿਣਤੀ 79,833 ਹੋ ਗਈ ਹੈ। ਇਸ ਦੇ ਇਲਾਵਾ ਨਵੇਂ 68,053 ਮਾਮਲੇ ਦਰਜ ਹੋਣ ਨਾਲ ਵਾਇਰਸ ਪੀੜਤਾਂ ਦਾ ਕੁੱਲ ਅੰਕੜਾ ਤਕਰੀਬਨ 29,57,472 ਤੱਕ ਪਹੁੰਚ ਗਿਆ ਹੈ।
ਇੰਗਲੈਂਡ ਦੇ ਸਾਰੇ ਵੱਡੇ ਹਸਪਤਾਲਾਂ ਵਿਚ ਵਾਇਰਸ ਦੀ ਪਹਿਲੀ ਲਹਿਰ ਨਾਲੋਂ ਜ਼ਿਆਦਾ ਮਰੀਜ਼ ਭਰਤੀ ਹਨ। ਦੇਸ਼ ਦੀ ਰਾਜਧਾਨੀ ਵਿਚ ਵਾਇਰਸ ਦੇ ਬੇਕਾਬੂ ਹੋਣ ਕਾਰਨ ਸ਼ੁੱਕਰਵਾਰ ਨੂੰ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਕਿਹਾ ਕਿ ਰਾਜਧਾਨੀ ਵਿਚ ਹਸਪਤਾਲਾਂ ਦੀਆਂ ਸਿਹਤ ਸਹੂਲਤਾਂ ਆਪਣੇ ਆਖਰੀ ਸਾਹਾਂ 'ਤੇ ਹਨ, ਜਿਸ ਕਾਰਨ ਅਗਲੇ ਦੋ ਹਫ਼ਤਿਆਂ ਤੱਕ ਬਿਸਤਰਿਆਂ ਦੇ ਖ਼ਤਮ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਲੰਡਨ ਦੇ ਹਸਪਤਾਲਾਂ 'ਚ 7,000 ਤੋਂ ਵੱਧ ਕੋਵਿਡ ਮਰੀਜ਼ ਦਾਖ਼ਲ ਹੋਣ ਕਾਰਨ ਸੈਂਕੜੇ ਕੈਂਸਰ ਦੇ ਅਪ੍ਰੇਸ਼ਨ ਰੱਦ ਕੀਤੇ ਜਾ ਰਹੇ ਹਨ। ਇਸ ਦੌਰਾਨ ਦੇਸ਼ ਵਿਚ ਟੀਕਾਕਰਨ ਨੂੰ ਤੇਜ਼ ਕਰਨ ਲਈ ਯੂ. ਐੱਸ. ਬਾਇਓਐਨਟੈਕ ਫਰਮ ਮੋਡੇਰਨਾ ਦੇ ਟੀਕੇ ਨੂੰ ਯੂ. ਕੇ. ਵਿਚ ਤੀਜੀ ਵੈਕਸੀਨ ਦੇ ਰੂਪ ਵਿਚ ਮੈਡੀਸਨਜ਼ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ ਵਲੋਂ ਵਰਤੋਂ ਲਈ ਪ੍ਰਵਾਨਗੀ ਦਿੱਤੀ ਗਈ ਹੈ।