ਕੋਵਿਡ-19 : UK ''ਚ ਕ੍ਰਿਸਮਿਸ ਤੋਂ ਪਹਿਲਾਂ ਸਭ ਤੋਂ ਕਮਜ਼ੋਰ ਬਜ਼ੁਰਗਾਂ ਨੂੰ ਲਾਇਆ ਜਾਵੇਗਾ ਟੀਕਾ

11/09/2020 5:20:22 PM

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਰਾਸ਼ਟਰੀ ਸਿਹਤ ਸੇਵਾ (ਐੱਨ. ਐੱਚ. ਐੱਸ.) ਵਿਭਾਗ ਕ੍ਰਿਸਮਸ ਤੋਂ ਪਹਿਲਾਂ ਸਭ ਤੋਂ ਕਮਜ਼ੋਰ ਬਜ਼ੁਰਗ ਲੋਕਾਂ ਨੂੰ ਕੋਰੋਨਾ ਟੀਕਾ ਲਗਾਉਣ ਦੀ ਉਮੀਦ ਕਰ ਰਿਹਾ ਹੈ।

ਇਸ ਲਈ ਹਸਪਤਾਲਾਂ ਨੂੰ ਕੋਰੋਨਾ ਟੀਕੇ ਲਈ ਤਿੰਨ ਹਫ਼ਤਿਆਂ ਤੱਕ ਤਿਆਰ ਰਹਿਣ ਲਈ ਵੀ ਕਿਹਾ ਗਿਆ ਹੈ। ਗਾਏਜ਼ ਅਤੇ ਸੇਂਟ ਥਾਮਸ ਦੇ ਐੱਨ. ਐੱਚ. ਐੱਸ. ਫਾਉਂਡੇਸ਼ਨ ਟਰੱਸਟ ਦੇ ਮੁਖੀ ਜੋਨ ਫਿੰਡਲੇ ਨੇ ਸੀਨੀਅਰ ਮੈਨੇਜਰਾਂ ਅਤੇ ਕਾਰਜਕਾਰੀ ਅਧਿਕਾਰੀਆਂ ਨਾਲ ਇਕ ਮੁਲਾਕਾਤ ਵਿਚ ਉਮੀਦ ਪ੍ਰਗਟਾਈ ਹੈ ਕਿ ਇਹ ਮਹੀਨਾ ਖ਼ਤਮ ਹੋਣ ਤੋਂ ਪਹਿਲਾਂ ਇਕ ਟੀਕਾ ਉਪਲਬਧ ਕੀਤਾ ਜਾ ਸਕਦਾ ਹੈ। ਇਹ ਟੀਕਾ ਪਹਿਲਾਂ ਕੇਅਰ ਹੋਮਜ਼ ਦੇ ਵਸਨੀਕਾਂ ਜੋ ਕਿ 80 ਸਾਲ ਤੋਂ ਵੱਧ ਹਨ ਅਤੇ ਫਰੰਟ ਲਾਈਨ 'ਤੇ ਕੰਮ ਕਰਦੇ ਸਿਹਤ ਕਾਮਿਆਂ ਲਈ ਉਪਲੱਬਧ ਕਰਵਾਇਆ ਜਾਵੇਗਾ। 

ਸੂਤਰਾਂ ਅਨੁਸਾਰ ਇਕ ਮੀਟਿੰਗ ਦੌਰਾਨ, ਫਿੰਡਲੇ ਨੇ ਵਿਸਥਾਰ ਨਾਲ ਦੱਸਿਆ ਕਿ ਕੇਅਰ ਹੋਮਜ਼ ਟੀਕੇ ਪ੍ਰਾਪਤ ਵਿਚ ਪਹਿਲ 'ਤੇ ਰੱਖੇ ਜਾਣਗੇ ਕਿਉਂਕਿ ਉਹ ਯੂ. ਕੇ. ਵਿਚ 40 ਫੀਸਦੀ ਕੋਰੋਨਾ ਵਾਇਰਸ ਨਾਲ ਸਬੰਧਤ ਮੌਤਾਂ ਦਾ ਕਾਰਨ ਬਣੇ ਹਨ। ਇਸ ਟੀਕੇ ਨੂੰ ਦੋ ਭਾਗਾਂ ਵਿਚ ਤਿੰਨ ਤੋਂ ਚਾਰ ਹਫ਼ਤਿਆਂ ਦੇ ਵਕਫੇ ਨਾਲ ਦਿੱਤਾ ਜਾਵੇਗਾ। ਇਸ ਮੁਹਿੰਮ ਵਿਚ ਲੰਡਨ ਦੇ ਦੋ ਹਸਪਤਾਲ ਗਾਈਜ਼ ਤੇ ਸੇਂਟ ਥਾਮਸ ਅਤੇ ਕਿੰਗਜ਼ ਕਾਲਜ ਹਸਪਤਾਲ ਟੀਕੇ ਦਾ ਕੇਂਦਰ ਬਿੰਦੂ ਹੋਣਗੇ। ਹੁਣ ਤੱਕ ਬਾਇਓਨਟੈਕ ਦੇ ਸਹਿਯੋਗ ਨਾਲ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ, ਫਾਈਜ਼ਰ ਨਾਲ ਮਿਲ ਕੇ ਟੀਕੇ ਦੀਆਂ ਮਨੁੱਖੀ ਅਜ਼ਮਾਇਸ਼ਾਂ ਦੇ ਅੰਤਿਮ ਪੜਾਵਾਂ ਵਿਚ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ 500 ਤੋਂ ਵੱਧ ਥਾਵਾਂ ਵਾਲੀ ਇਕ ਸੂਚੀ, ਜਿਸ ਵਿਚ ਟੀਕਾਕਰਨ ਕੇਂਦਰ ਅਤੇ ਦਫ਼ਤਰ ਸ਼ਾਮਲ ਹਨ, ਬਾਰੇ ਸਹਿਮਤੀ ਮਹੀਨੇ ਦੇ ਅੱਧ ਤੱਕ ਹੋ ਜਾਵੇਗੀ। ਟੀਕੇ ਸੰਬੰਧੀ ਐੱਨ. ਐੱਚ. ਐੱਸ. ਦੇ ਬ੍ਰੀਫਿੰਗ ਨੋਟਿਸ ਅਨੁਸਾਰ ਇਸ ਦੀ ਫੀਸ ਪ੍ਰਤੀ ਟੀਕਾ 12.58 ਪੌਂਡ ਹੋਵੇਗੀ ਜੋ ਕਿ ਇਕ ਇਨਫਲੂਐਂਜ਼ਾ ਟੀਕਾਕਰਣ ਦੀ ਮੌਜੂਦਾ ਫੀਸ ਨਾਲੋਂ 25 ਫੀਸਦੀ ਵੱਧ ਹੈ।
 


Lalita Mam

Content Editor

Related News