ਯੂ. ਕੇ. : ਕੋਰੋਨਾ ਕਾਰਨ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ਹੋਇਆ ਅਸਥਾਈ ਤੌਰ ''ਤੇ ਬੰਦ
Saturday, Jan 09, 2021 - 01:12 PM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਦੇ ਇਕ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ਨੂੰ ਕੋਰੋਨਾ ਵਾਇਰਸ ਕਾਰਨ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ ਅਤੇ ਨਤੀਜੇ ਵਜੋਂ ਇਸ ਦੇ ਨਜ਼ਰਬੰਦੀਆਂ ਨੂੰ ਇਕ ਹੋਰ ਨਜ਼ਰਬੰਦੀ ਕੇਂਦਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਗ੍ਰਹਿ ਦਫ਼ਤਰ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਗੈਟਵਿਕ ਹਵਾਈ ਅੱਡੇ ਨੇੜੇ ਬਰੂਕ ਹਾਊਸ ਰਿਮੂਵਲ ਕੇਂਦਰ ਦੇ ਸਟਾਫ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਕਾਰਨ ਇਸ ਨੂੰ 10 ਦਿਨਾਂ ਤੱਕ ਬੰਦ ਕੀਤਾ ਗਿਆ ਹੈ।
ਇਸ ਕੇਂਦਰ ਵਿਚ ਹਿਰਾਸਤ "ਚ ਲਏ ਗਏ ਥੋੜ੍ਹੇ ਜਿਹੇ ਲੋਕਾਂ ਨੂੰ 40 ਮੀਲ ਦੀ ਦੂਰੀ 'ਤੇ ਕੋਲਨ ਬਰੂਕ ਨਜ਼ਰਬੰਦੀ ਕੇਂਦਰ ਭੇਜਿਆ ਗਿਆ ਹੈ ਪਰ ਕੁੱਝ ਮੁਹਿੰਮਕਾਰਾਂ ਨੇ ਇਸ ਗੱਲ ਦੀ ਨਿਖੇਧੀ ਕੀਤੀ ਹੈ।
ਇਸ ਤਰ੍ਹਾਂ ਕੋਲਨ ਬਰੂਕ ਵਿਚ ਰੱਖੇ ਗਏ ਹਰ ਵਿਅਕਤੀ ਦੀ ਜ਼ਿੰਦਗੀ ਨੂੰ ਵੀ ਖ਼ਤਰਾ ਹੋ ਸਕਦਾ ਹੈ। ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਬਰੂਕ ਹਾਊਸ ਤੋਂ ਤਬਦੀਲੀ ਵੇਲੇ ਨਜ਼ਰਬੰਦੀਆਂ ਦਾ ਟੈਸਟ ਹੋਇਆ ਸੀ ਜਾਂ ਨਹੀਂ। ਤਕਰੀਬਨ ਇਕ ਮਹੀਨਾ ਪਹਿਲਾਂ ਬਰੂਕ ਹਾਊਸ ਕੇਂਦਰ ਨੂੰ ਕੋਰੋਨਾ ਕੇਂਦਰ ਮੰਨਿਆ ਗਿਆ ਸੀ ਅਤੇ ਗ੍ਰਹਿ ਦਫ਼ਤਰ ਨੂੰ ਕਈ ਦੇਸ਼ ਨਿਕਾਲੇ ਦੇ ਹੁਕਮਾਂ ਨੂੰ ਰੱਦ ਕਰਨਾ ਪਿਆ ਸੀ ਜਦਕਿ ਵਕੀਲਾਂ ਅਤੇ ਚੈਰੀਟੀਜ਼ ਨੇ ਸਾਰੇ ਨਜ਼ਰਬੰਦ ਵਿਅਕਤੀਆਂ ਦੀ ਰਿਹਾਈ ਦੀ ਮੰਗ ਕੀਤੀ ਸੀ।