ਬ੍ਰਿਟੇਨ ''ਚ ''ਕੰਜ਼ਰਵੇਟਿਵ ਪਾਰਟੀ'' ਦੋ ਉਪ ਚੋਣਾਂ ''ਚ ਹਾਰੀ, ਪ੍ਰਧਾਨ ਮੰਤਰੀ ਜਾਨਸਨ ਨੂੰ ਝਟਕਾ
Friday, Jun 24, 2022 - 01:42 PM (IST)

ਲੰਡਨ (ਏਜੰਸੀ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ ਦੋ ਸੀਟਾਂ ਦੀਆਂ ਉਪ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਦੱਖਣੀ ਪੱਛਮੀ ਚੋਣ ਖੇਤਰ ਟਿਵਰਟਨ ਅਤੇ ਹਨੀਟਨ ਵਿਚ 'ਲਿਬਰਲ ਡੈਮੋਕਰੇਟਸ' ਨੇ ਜਿੱਤ ਹਾਸਲ ਕੀਤੀ, ਜਦੋਂ ਕਿ ਉੱਤਰੀ ਇੰਗਲੈਂਡ ਦਾ ਵੇਕਫੀਲਡ ਚੋਣ ਖੇਤਰ ਮੁੱਖ ਵਿਰੋਧੀ ਦਲ 'ਲੇਬਰ ਪਾਰਟੀ' ਦੇ ਖਾਤੇ ਵਿਚ ਗਿਆ। ਇਹ ਨਤੀਜੇ ਜਾਨਸਨ ਲਈ ਨਵਾਂ ਝਟਕਾ ਹਨ, ਜੋ ਪਹਿਲਾਂ ਹੀ 'ਪਾਰਟੀਗੇਟ' ਮਾਮਲਿਆਂ ਨੂੰ ਲੈ ਕੇ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਵੇਕਫੀਲਡ ਅਤੇ ਟਿਵਰਟਨ ਅਤੇ ਹੋਨੀਟਨ ਖੇਤਰਾਂ 'ਤੇ ਕੰਜ਼ਰਵੇਟਿਵ ਪਾਰਟੀ ਦੇ ਉਨ੍ਹਾਂ ਸੰਸਦ ਮੈਂਬਰਾਂ ਨੂੰ ਬਦਲਣ ਲਈ ਚੋਣਾਂ ਹੋਈਆਂ ਹਨ, ਜਿਨ੍ਹਾਂ ਨੇ ਵੱਖ-ਵੱਖ ਦੋਸ਼ਾਂ ਦੇ ਚਲਦੇ ਅਸਤੀਫਾ ਦੇ ਦਿੱਤਾ ਸੀ। ਇਨ੍ਹਾਂ ਵਿੱਚੋਂ ਇੱਕ ਸੰਸਦ ਮੈਂਬਰ ਨੂੰ ਜਿਨਸੀ ਸ਼ੋਸ਼ਣ ਦਾ ਦੋਸ਼ੀ ਠਹਿਰਾਇਆ ਗਿਆ ਸੀ, ਜਦੋਂ ਕਿ ਦੂਜੇ ਨੂੰ ਹਾਊਸ ਆਫ ਕਾਮਨਜ਼ ਦੇ ਚੈਂਬਰ ਵਿੱਚ ਅਸ਼ਲੀਲ ਤਸਵੀਰਾਂ ਦੇਖਦੇ ਹੋਏ ਪਾਇਆ ਗਿਆ ਸੀ। ਹਾਲਾਂਕਿ, ਸੰਸਦ ਮੈਂਬਰ ਨੇ ਇਸ ਘਟਨਾ 'ਤੇ ਇਹ ਕਹਿ ਕੇ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਫੋਨ 'ਤੇ ਟਰੈਕਟਰਾਂ ਦੀਆਂ ਤਸਵੀਰਾਂ ਲੱਭ ਰਹੇ ਹਨ। ਇਨ੍ਹਾਂ ਨਤੀਜਿਆਂ ਨਾਲ ਅਸ਼ਾਂਤ ਕੰਜ਼ਰਵੇਟਿਵ ਪਾਰਟੀ ਵਿਚਕਾਰ ਘਬਰਾਹਟ ਵਧੇਗੀ।