ਯੂਕੇ ਦੀ ਸ਼ਾਨ ਕਪਤਾਨ ਸਰ ਟੌਮ ਮੂਰ ਦਾ 100 ਸਾਲ ਦੀ ਉਮਰ 'ਚ ਦਿਹਾਂਤ

Wednesday, Feb 03, 2021 - 03:01 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੀ ਮਹਾਨ ਸ਼ਖਸੀਅਤ ਅਤੇ ਸਾਬਕਾ ਤਜਰਬੇਕਾਰ ਸੈਨਿਕ ਕਪਤਾਨ ਸਰ ਟੌਮ ਮੂਰ, ਜਿਹਨਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਐਨ ਐਚ ਐਸ ਲਈ ਲੱਖਾਂ ਪੌਂਡ ਦੀ ਸਹਾਇਤਾ ਰਾਸ਼ੀ ਇਕੱਠੀ ਕਰਕੇ ਤਾਲਾਬੰਦੀ ਵਿੱਚ ਦੇਸ਼ ਦੀ ਸਹਾਇਤਾ ਵਿੱਚ ਯੋਗਦਾਨ ਪਾਇਆ ਸੀ, ਕੋਰੋਨਾ ਅਤੇ ਹੋਰ ਸਿਹਤ ਸਮੱਸਿਆਵਾਂ ਨਾਲ ਪੀੜਤ ਹੋਣ ਦੇ ਬਾਅਦ ਆਪਣੀ 100 ਸਾਲ ਦੀ ਉਮਰ ਭੋਗਦਿਆਂ 2 ਫਰਵਰੀ ਨੂੰ ਹਸਪਤਾਲ ਵਿੱਚ ਪੂਰੇ ਹੋ ਗਏ ਹਨ। 

ਕਪਤਾਨ ਟੌਮ ਮੂਰ ਨੂੰ ਨਮੂਨੀਆ ਅਤੇ ਕੋਵਿਡ-19 ਤੋਂ ਪੀੜਤ ਹੋਣ ਕਰਕੇ 31 ਜਨਵਰੀ ਨੂੰ ਬੈੱਡਫੋਰਡ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਮਹਾਨ ਵਿਅਕਤੀ ਦੇ ਦਿਹਾਂਤ ਦੀ ਘੋਸ਼ਣਾ ਉਸ ਦੀਆਂ ਧੀਆਂ ਹੰਨਾਹ ਇੰਗਰਾਮ ਮੂਰ ਅਤੇ ਲੂਸੀ ਟੇਕਸੀਰਾ ਦੁਆਰਾ ਕੀਤੀ ਗਈ। ਵਿਸ਼ਵ ਯੁੱਧ 2 ਵਿੱਚ ਸੇਵਾਵਾਂ ਨਿਭਾ ਚੁੱਕੇ ਕੈਪਟਨ ਮੂਰ ਨੇ ਮਹਾਮਾਰੀ ਦੇ ਸੰਕਟ ਦੌਰਾਨ ਸਿਹਤ ਸੇਵਾਵਾਂ ਦੀ  ਸਹਾਇਤਾ ਲਈ ਸਿਰਫ 1000 ਪੌਂਡ ਇਕੱਠੇ ਕਰਨੇ ਸ਼ੁਰੂ ਕੀਤੇ ਸਨ ਪਰ ਉਹਨਾਂ ਦਾ ਮਿਸ਼ਨ ਅੰਤਰਰਾਸ਼ਟਰੀ ਪੱਧਰ 'ਤੇ ਫੈਲਿਆ ਜਿਸ ਨਾਲ ਉਸ ਦੁਆਰਾ ਇਕੱਤਰ ਕੀਤੀ ਕੁੱਲ ਦਾਨ ਰਾਸ਼ੀ ਤਕਰੀਬਨ 32.7 (32,794,701) ਮਿਲੀਅਨ ਪੌਂਡ ਤੱਕ ਪਹੁੰਚ ਗਈ, ਜਿਸ ਵਿੱਚ ਲੱਗਭਗ 1.5 ਮਿਲੀਅਨ ਲੋਕਾਂ ਨੇ ਆਪਣਾ ਯੋਗਦਾਨ ਦਿੱਤਾ। 

ਪੜ੍ਹੋ ਇਹ ਅਹਿਮ ਖਬਰ- ਕਿਸਾਨ ਅੰਦੋਲਨ ਦੇ ਸਮਰਥਨ 'ਚ ਬੋਲੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ

ਟੌਮ ਮੂਰ ਦੇ ਇਹਨਾਂ ਯਤਨਾਂ ਦੀ ਸ਼ਲਾਘਾ ਕਰਦਿਆਂ, 2020 ਵਿੱਚ ਵਿੰਡਸਰ ਕੈਸਲ ਵਿਖੇ ਇੱਕ ਵਿਲੱਖਣ ਓਪਨ ਏਅਰ ਸਮਾਰੋਹ ਦੌਰਾਨ ਮਹਾਰਾਣੀ ਦੁਆਰਾ ਉਹਨਾਂ ਨੂੰ ਨਾਈਟਹੁੱਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਇਲਾਵਾ ਲੰਡਨ ਵਿੱਚ ਨਵੇ ਸਾਲ ਦੌਰਾਨ ਡਰੋਨ ਪ੍ਰਦਰਸ਼ਨੀ ਦੌਰਾਨ ਵੀ ਉਹਨਾਂ ਦੇ ਫੰਡ ਇਕੱਠੇ ਕਰਨ ਦੀਆਂ ਕੋਸ਼ਿਸ਼ਾਂ ਦੀ ਨਿਸ਼ਾਨਦੇਹੀ ਕਰਦਿਆਂ ਰਕਮ ਦਾ ਅੰਕੜਾ ਓ 2 ਅਰੀਨਾ 'ਤੇ ਦਿਖਾਈ ਦਿੱਤਾ। ਜ਼ਿਕਰਯੋਗ ਹੈ ਕਿ ਟੌਮ ਮੂਰ ਦੇ ਪਰਿਵਾਰ ਦੁਆਰਾ ਐਤਵਾਰ ਨੂੰ ਟਵਿੱਟਰ 'ਤੇ ਉਸ ਦੀ ਬਿਮਾਰੀ ਦੀ ਪੁਸ਼ਟੀ ਕਰਦਿਆਂ ਉਹਨਾਂ ਨੂੰ ਸਾਹ ਲੈਣ ਵਿੱਚ ਸਮੱਸਿਆ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਹੋਣ ਬਾਰੇ ਦੱਸਿਆ ਸੀ। ਕਪਤਾਨ ਮੂਰ ਪਿਛਲੇ ਕੁਝ ਸਮੇਂ ਤੋਂ ਨਮੂਨੀਆ ਨਾਲ ਪੀੜਤ ਸਨ ਅਤੇ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਲਈ ਉਹਨਾਂ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ ਸੀ। ਕੈਪਟਨ ਟੌਮ ਦੇ ਪਰਿਵਾਰ ਅਨੁਸਾਰ ਉਹਨਾਂ ਨੂੰ ਨਮੂਨੀਆਂ ਦੀ ਸਮੱਸਿਆ ਅਤੇ ਇਸਦਾ ਇਲਾਜ ਚਲਦੇ ਹੋਣ ਕਰਕੇ ਅਜੇ ਤੱਕ ਕੋਵਿਡ-19 ਟੀਕੇ ਦੀ ਖੁਰਾਕ ਨਹੀ ਦਿੱਤੀ ਗਈ ਸੀ। ਕਪਤਾਨ ਟੌਮ ਮੂਰ ਦੀ ਮੌਤ ਨਾਲ ਦੇਸ਼ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਨੋਟ- ਯੂਕੇ ਦੀ ਸ਼ਾਨ ਕਪਤਾਨ ਸਰ ਟੌਮ ਮੂਰ ਦਾ 100 ਸਾਲ ਦੀ ਉਮਰ 'ਚ ਦਿਹਾਂਤ, ਖ਼ਬਰ ਬਾਰੇ ਕੁਮੈਂਟ ਕਰ ਦੱਸੋ ਰਾਏ।
 


Vandana

Content Editor

Related News